
ਔਰਰ-ਡਾਨ (ਰਜਿ. ਫਰਾਂਸ) ਸੰਸਥਾ ਵੱਲੋਂ ਭਾਰਤ ਭੇਜੀਆਂ ਜਾਣ ਵਾਲੀਆਂ ਅਤੇ ਕੁੱਝ ਦਾ ਫਰਾਂਸ ਵਿੱਚ ਸਸਕਾਰ ਕਰ ਦੇਣ ਵਾਲੀਆਂ ਮਿਰਤਕ ਦੇਹਾਂ ਦੀ ਕੁੱਲ ਗਿਣਤੀ ਹੁਣ ਤੱਕ 404 ਹੋਈ
ਪੈਰਿਸ, (PRIME INDIAN NEWS) :- ਭਾਰਤ ਤੋਂ ਰੋਟੀ ਰੋਜ਼ੀ ਦੀ ਤਲਾਸ਼ ‘ਚ ਫਰਾਂਸ ਆਏ 41 ਸਾਲਾ ਪੰਜਾਬੀ ਨੌਜਵਾਨ ਰਾਜਨ ਸਹਿਗਲ, ਮਾਤਾ ਪ੍ਰਵੀਨ ਸਹਿਗਲ ਅਤੇ ਪਿਤਾ ਭੂਸ਼ਨ ਸਹਿਗਲ ਦਾ ਇਕਲੌਤਾ ਪੁੱਤਰ ਸੀ, ਜਿਸਦੀ ਫਰਾਂਸ ਵਿੱਚ ਘਰ ‘ਚ ਸੁੱਤੇ ਪਏ ਦੀ ਦਿੱਲ ਦਾ ਦੌਰਾ ਪੈ ਜਾਣ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ, ਦਾ ਅੱਜ ਉਸਦੇ ਜੱਦੀ ਪਿੰਡ ਜਗਰਾਉਂ ਵਿਖ਼ੇ ਸਸਕਾਰ ਕੀਤਾ ਗਿਆ। ਉਸਦੀ ਮਿਰਤਕ ਦੇਹ ਫਰਾਂਸ ਤੋਂ 28 ਸਤੰਬਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੀ ਸੀ | ਉਹ ਕਰੀਬਨ ਪਿਛਲੇ 6 ਸਾਲਾਂ ਤੋਂ ਫਰਾਂਸ ਵਿਖੇ ਰਹਿ ਰਿਹਾ ਸੀ ਅਤੇ ਇਮੀਗ੍ਰੇਸ਼ਨ ਹਾਸਿਲ ਕਰਨ ਉਪਰੰਤ ਪਿਛਲੇ ਹਫਤੇ ਉਸਦਾ ਘਰ ਜਾਣ ਦਾ ਪ੍ਰੋਗਰਾਮ ਵੀ ਤਹਿ ਹੋ ਚੁੱਕਾ ਸੀ, ਐਪਰ ਬਦਕਿਸਮਤੀ ਹੀ ਕਹੀ ਜਾਵੇਗੀ ਕਿ ਉਹ, ਜਿੰਦਾ ਪਹੁੰਚਣ ਦੀ ਥਾਂ ਲਾਸ਼ ਬਣ ਘਰ ਪਹੁੰਚਿਆ। ਸਮਾਜ ਸੇਵੀ ਸੰਸਥਾ ਔਰਰ -ਡਾਨ (ਰਜਿ. ਫਰਾਂਸ ) ਦੇ ਯਤਨਾਂ ਸਦਕਾ ਉਸਦੀਆਂ ਲੋੜੀਂਦੀਆਂ ਕਾਗਜ਼ੀ ਕਰਵਾਈਆਂ ਪੂਰੀਆਂ ਹੋਣ ਉਪਰੰਤ ਉਸਦੀ ਮਿਰਤਕ ਦੇਹ, ਉਸਦੇ ਫਰਾਂਸ ਵੱਸਦੇ ਯਾਰਾਂ ਦੋਸਤਾਂ ਮਿੱਤਰਾਂ ਵੱਲੋਂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਭਾਰਤ ਭੇਜੀ ਗਈ ਹੈ। ਜਿਕਰਯੋਗ ਹੈ ਕਿ ਸੰਸਥਾ ਵੱਲੋਂ ਭਾਰਤ ਭੇਜੀਆਂ ਜਾਣ ਅਤੇ ਫਰਾਂਸ ਵਿੱਚ ਸਸਕਾਰ ਕਰਵਾਉਣ ਵਾਲੀਆਂ ਸਾਰੀਆਂ ਮਿਰਤਕ ਦੇਹਾਂ ਦੀ ਕੁੱਲ ਗਿਣਤੀ 2003 ਤੋਂ ਲੈ ਕੇ ਹੁਣ ਤੱਕ 404 ਹੋ ਗਈ ਹੈ, ਇਸ ਵਿੱਚ ਰਾਜਨ ਸਹਿਗਲ ਦੀ ਮਿਰਤਕ ਦੇਹ ਵੀ ਸ਼ਾਮਿਲ ਹੈ।





























