
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਵੀ ਇਸ ਟੂਰਨਾਮੈਂਟ ਵਿੱਚ ਪ੍ਰਬੰਧਕਾਂ ਦੇ ਸੱਦੇ ‘ਤੇ ਲਗਵਾਈ ਹਾਜ਼ਰੀ
ਪੈਰਿਸ/ਬਾਰਸੀਲੋਨਾ, (PRIME INDIAN NEWS) :- ਸਪੇਨ (ਬਾਰਸੀਲੋਨਾ) ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ‘ਚ ਸ਼੍ਰੋਮਣੀ ਅਕਾਲੀ ਦਲ ਸਪੇਨ ਯੂਨਿਟ ਦੇ ਪ੍ਰਧਾਨ ਲਾਭ ਸਿੰਘ ਭੰਗੂ ਨੇ ਆਪਣੇ ਲੋਹ ਲਸ਼ਕਰ ਸਮੇਤ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ਸਪੇਨ ‘ਚ ਪੈਂਦੇ ਸੰਘਣੀ ਵਸੋਂ ਵਾਲੇ ਸ਼ਹਿਰ (ਬਾਰਸੀਲੋਨਾ) ਜਿੱਥੇ ਕਿ ਹਜਾਰਾਂ ਦੇ ਹਿਸਾਬ ਨਾਲ ਪੰਜਾਬੀ ਵੱਸਦੇ ਹਨ ਅਤੇ ਸੈਲਾਨੀਆਂ ਦੀ ਖਿੱਚ.ਦਾ ਖਾਸ ਕਾਰਨ ਵੀ ਹੈ, ਵਿਖ਼ੇ ਫ਼ਤਿਹ ਕਲੱਬ ਦੋਆਬਾ ਵਲੋਂ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸਨੂੰ ਦੇਖਣ ਵਾਸਤੇ 1200 ਦੇ ਕਰੀਬ ਦਰਸ਼ਕ ਸਪੇਨ ਦੇ ਵੱਖੋ ਵੱਖ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ।
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਵੀ ਇਸ ਟੂਰਨਾਮੈਂਟ ਵਿੱਚ ਪ੍ਰਬੰਧਕਾਂ ਦੇ ਸੱਦੇ ‘ਤੇ ਹਾਜ਼ਰੀ ਲਗਵਾਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸਪੇਨ ਯੂਨਿਟ ਦੇ ਪ੍ਰਧਾਨ ਲਾਭ ਸਿੰਘ ਭੰਗੂ ਵੀ ਵਲੈਸੀਆਂ ਸ਼ਹਿਰ ਤੋਂ ਕਰੀਬਨ 400 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਆਪਣੇ 50 ਸਾਥੀਆਂ ਦੇ ਲੋਹ ਲਸ਼ਕਰ ਨਾਲ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ ਵਾਸਤੇ ਉਚੇਚੇ ਤੌਰ ਤੇ ਪਹੁੰਚੇ। ਪ੍ਰਬੰਧਕਾਂ ਨੇ ਢੋਲ ਧਮਾਕੇ ਨਾਲ ਲਾਭ ਸਿੰਘ ਭੰਗੂ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸਾਰੇ ਹੀ ਸਾਥੀਆਂ ਦਾ ਵੀ ਮਾਣ ਸਨਮਾਨ ਕੀਤਾ।
ਗੌਰਤਲਬ ਹੈ ਕਿ ਇਹ ਟੂਰਨਾਮੈਂਟ ਯੂਨਾਈਟਿਡ ਕਬੱਡੀ ਫੈਡਰੇਸ਼ਨ ਵੱਲੋਂ ਬਣਾਏ ਗਏ ਕਾਇਦੇ ਅਤੇ ਕਾਨੂੰਨਾਂ ਅਨੁਸਾਰ ਕਰਵਾਇਆ ਗਿਆ, ਜਿਸ ਵਿੱਚ ਯੂਰਪ ਦੀਆਂ 8 ਕਬੱਡੀ ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਹੋਏ ਗਹਿਗੱਚ ਮੁਕਾਬਲਿਆਂ ਵਿੱਚੋਂ ਸ਼ੇਰੇ ਪੰਜਾਬ ਆਜ਼ਾਦ ਕਲੱਬ ਬੈਲਜੀਅਮ ਦੀ ਟੀਮ ਨੇ ਪਹਿਲਾ ਸਥਾਨ ਅਤੇ ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਇਸ ਟੂਰਨਾਮੈਂਟ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਇਕਬਾਲ ਸਿੰਘ ਭੱਟੀ, ਸ਼੍ਰੋਮਣੀ ਅਕਾਲੀ ਦਲ ਸਪੇਨ ਯੂਨਿਟ ਦੇ ਮੁੱਖੀ ਲਾਭ ਸਿੰਘ ਭੰਗੂ, ਜਸਪਾਲ ਸਿੰਘ ਜੌਨੀ, ਹਰਸਿਮਰਤਪਾਲ ਸਿੰਘ ਗੋਨਾ, ਲਖਵੰਤਪਾਲ ਸਿੰਘ ਸਾਹੀ, ਅਮਰਜੀਤ ਸਿੰਘ ਦੀਪਾ, ਜਸਪਾਲ ਸਿੰਘ ਖਾਲਸਾ, ਸਾਬਾ ਤਨੇਜਾ, ਜਸਵਿੰਦਰ ਕੁਮਾਰ, ਰਾਜੂ ਬੌਲੀ ਵੁੱਡ ਵਾਲੇ, ਗੁਰਮੀਤ ਸਿੰਘ ਸਰਵਰ, ਬਲਦੇਵ ਸਿੰਘ ਸਰਵਰ, ਰਮੇਸ਼ ਕੁਮਾਰ, ਹਰਭਜਨ ਸਿੰਘ ਦੁਪਈ, ਹਰਵਿੰਦਰ ਸਿੰਘ ਬਾਜਵਾ, ਅਮਰਜੀਤ ਸਿੰਘ ਹੈਪੀ, ਸੁਖਪ੍ਰੀਤ ਸਾਹੀ ਅਤੇ ਸਤਨਾਮ ਸਿੰਘ ਆਦਿ ਨੇ ਕਬੱਡੀ ਖਿਡਾਰੀਆਂ ਦੇ ਜੋਸ਼ ਅਤੇ ਜੌਹਰ ਦਾ ਆਨੰਦ ਮਾਣਦੇ ਹੋਏ ਕਿਹਾ ਕਿ ਅਸੀਂ ਸਾਰੇ ਇਸ ਟੂਰਨਾਮੈਂਟ ਦੀ ਸਫਲਤਾ ਤੋਂ ਇਤਨੇ ਖੁਸ਼ ਹਾਂ ਕਿ ਜਿਸਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।





























