
ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਖ਼ਤ ਨਜ਼ਰ ਰੱਖਣ ਦੀਆਂ ਹਦਾਇਤਾਂ
ਜਲੰਧਰ, ਐਚ ਐਸ ਚਾਵਲਾ। ਵਿਧਾਨ ਸਭਾ ਹਲਕਾ ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਲਈ ਨਿਯੁਕਤ ਖਰਚਾ ਆਬਜ਼ਰਵਰ ਮੀਨੂੰ ਸੁਸੇਨ ਅਬਰਾਹਮ ਨੇ ਅੱਜ ਜ਼ਿਲ੍ਹਾ ਪੱਧਰ ’ਤੇ ਸਥਾਪਤ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈੱਲ (ਐਮ.ਸੀ.ਐਮ.ਸੀ.) ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਤੇ ਸਟਾਫ਼ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਖ਼ਤ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ।
ਖਰਚਾ ਆਬਜ਼ਰਵਰ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ. 14-ਏ ਵਿੱਚ ਸਥਾਪਤ ਐਮ.ਸੀ.ਐਮ.ਸੀ. ਦੇ ਸਟਾਫ਼ ਨਾਲ ਪ੍ਰੀ-ਸਰਟੀਫਿਕੇਸ਼ਨ, ਮੁੱਲ ਦੀਆਂ ਖਬਰਾਂ ’ਤੇ ਨਿਗਰਾਨੀ, ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਮੀਦਵਾਰਾਂ ਦੀਆਂ ਚੋਣ ਗਤੀਵਿਧੀਆਂ ਵਰਗੇ ਮੁੱਦਿਆਂ ’ਤੇ ਜਾਣਕਾਰੀ ਇਕੱਤਰ ਕਰਨ ਲਈ ਗੱਲਬਾਤ ਕੀਤੀ।
ਉਨ੍ਹਾਂ ਨਿਗਰਾਨੀ ਟੀਮਾਂ ਨੂੰ ਸਾਰੀਆਂ ਚੋਣ ਸਰਗਰਮੀਆਂ, ਇਸ਼ਤਿਹਾਰਾਂ, ਖ਼ਬਰਾਂ ਖਾਸ ਕਰ ਸੋਸ਼ਲ ਮੀਡੀਆ ’ਤੇ ਬਾਜ਼ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਕਿਸੇ ਵੀ ਤਰੀਕੇ ਦੀ ਚੋਣ ਜ਼ਾਬਤੇ ਦੀ ਉਲੰਘਣਾ ਹੋਣ ’ਤੇ ਫੌਰੀ ਨੋਟਿਸ ਲਿਆ ਜਾ ਸਕੇ। ਉਨ੍ਹਾਂ ਸੈੱਲ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਹਾ ਕਿ ਅਖ਼ਬਾਰ, ਟੀ.ਵੀ., ਰੇਡੀਓ, ਸੋਸ਼ਲ ਮੀਡੀਆ ’ਤੇ ਕੜੀ ਨਜ਼ਰ ਰੱਖੀ ਜਾਵੇ ਅਤੇ ਜੇਕਰ ਕਿਸੇ ਉਮੀਦਵਾਰ ਦਾ ਇਸ਼ਤਿਹਾਰ/ਪੇਡ ਨਿਊਜ਼ ਮਿਲਦੀ ਹੈ ਤਾਂ ਉਸ ਨੂੰ ਉਸਦੇ ਚੋਣ ਖਰਚੇ ਵਿੱਚ ਸ਼ਾਮਲ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ, ਜਿਸ ਵਿੱਚ ਈ-ਪੇਪਰ ਤੇ ਸੋਸ਼ਲ ਮੀਡੀਆ ਵੀ ਸ਼ਾਮਲ ਹੈ, ਵਿੱਚ ਇਸ਼ਤਿਹਾਰ ਦੇਣ ਲਈ ਐਮ.ਸੀ.ਐਮ.ਸੀ. ਤੋਂ ਪ੍ਰਵਾਨਗੀ ਲੈਣਾ ਜ਼ਰੂਰੀ ਹੈ। ਐਮ.ਸੀ.ਐਮ.ਸੀ. ਇਸ਼ਤਿਹਾਰ ਦੇ ਕੰਟੈਟ ਨੂੰ ਵਾਚਣ ਦੇ ਨਾਲ-ਨਾਲ ਇਸ ਨੂੰ ਬਣਾਉਣ ’ਤੇ ਆਏ ਖਰਚੇ ਬਾਰੇ ਜਾਣਕਾਰੀ ਲੈ ਕੇ ਇਸ ਨੂੰ ਮਨਜ਼ੂਰੀ ਦੇਵੇਗੀ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਗਠਿਤ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈੱਲ ਵੱਲੋਂ ਚੋਣ ਜ਼ਾਬਤਾ ਲੱਗਣ ਉਪਰੰਤ ਸਿਆਸੀ ਪਾਰਟੀਆਂ/ਉਮੀਦਵਾਰਾਂ ਵੱਲੋਂ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਜਾ ਰਹੇ ਪ੍ਰਚਾਰ, ਇਸ਼ਤਿਹਾਰਬਾਜ਼ੀ, ਖ਼ਬਰਾਂ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਇਸ ਕੰਮ ਲਈ ਕਰੀਬ 30 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਤਿੰਨ ਸ਼ਿਫਟਾਂ ਵਿੱਚ ਡਿਊਟੀ ਨਿਭਾਈ ਜਾ ਰਹੀ ਹੈ।





























