
ਐੱਨ.ਐੱਚ.ਏ.ਆਈ. ਦੇ ਅਧਿਕਾਰੀਆਂ ਨੂੰ ਜਲੰਧਰ ਜ਼ਿਲੇ ‘ਚ ਚੱਲ ਰਹੇ ਨੈਸ਼ਨਲ ਹਾਈਵੇ ਪ੍ਰਾਜੈਕਟਾਂ ‘ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਜ਼ਮੀਨ ਪ੍ਰਾਪਤੀ ਲਈ ਸਮਰੱਥ ਅਥਾਰਟੀ ਨੂੰ ਨਿਰਧਾਰਤ ਸਮੇਂ ਦੇ ਅੰਦਰ ਅਵਾਰਡਾਂ ਦੀ ਸੌ ਫੀਸਦੀ ਵੰਡ ਤੇ ਜ਼ਮੀਨ ਦਾ ਕਬਜ਼ਾ ਪ੍ਰਾਪਤ ਕਰਨ ਲਈ ਕਿਹਾ
ਜਲੰਧਰ, ਐਚ ਐਸ ਚਾਵਲਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪੀ.ਏ.ਪੀ. ਚੌਕ ਵਿਖੇ ਵਾਧੂ ਅਟੈਚਮੈਂਟ ਲਈ ਚੱਲ ਰਹੇ ਸਰਵੇਖਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਡਾ. ਅਗਰਵਾਲ ਨੇ ਸਰਵੇ, ਡਰਾਇੰਗ ਤਿਆਰ ਕਰਨ ਵਿੱਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੰਦਿਆਂ ਸਬੰਧਤ ਵਿਭਾਗਾਂ ਨੂੰ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਚੱਲ ਰਹੇ ਸਰਵੇਖਣ ਨੂੰ ਸਮੇਂ ਸਿਰ ਪੂਰਾ ਕਰਨਾ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਮਹੱਤਵਪੂਰਣ ਹੈ, ਜਿਸਦਾ ਉਦੇਸ਼ ਟ੍ਰੈਫਿਕ ਨੂੰ ਸੁਚਾਰੂ ਬਣਾਉਣਾ ਅਤੇ ਇਲਾਕੇ ਵਿੱਚ ਭੀੜ-ਭੜੱਕੇ ਨੂੰ ਘਟਾਉਣਾ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜਲੰਧਰ ਜ਼ਿਲ੍ਹੇ ਵਿੱਚ ਚੱਲ ਰਹੇ ਨੈਸ਼ਨਲ ਹਾਈਵੇ ਪ੍ਰਾਜੈਕਟਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਵੀ ਦਿੱਤੀ।
ਸਮੂਹ ਭਾਗੀਦਾਰਾਂ ਨਾਲ ਸਮੀਖਿਆ ਮੀਟਿੰਗ ਦੌਰਾਨ ਡਾ. ਅਗਰਵਾਲ ਨੇ ਜ਼ਮੀਨ ਪ੍ਰਾਪਤੀ ਲਈ ਸਮਰੱਥ ਅਥਾਰਟੀ (ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕੂਜ਼ੀਸ਼ਨ) ਵੱਲੋਂ ਜ਼ਮੀਨ ਮਾਲਕਾਂ ਨੂੰ ਅਵਾਰਡਾਂ ਦੀ ਵੰਡ ਦੀ ਸਮੀਖਿਆ ਕੀਤੀ। ਉਨ੍ਹਾਂ ਜ਼ਮੀਨ ਦੇ ਕਬਜ਼ੇ ਦੀ ਪ੍ਰਗਤੀ ਜਾਇਜ਼ਾ ਵੀ ਲਿਆ ਅਤੇ ਅਥਾਰਟੀ ਨੂੰ ਜ਼ਮੀਨ ਦਾ ਕਬਜ਼ਾ ਤੁਰੰਤ ਐਨ.ਐਚ.ਏ.ਆਈ. ਨੂੰ ਸੌਂਪਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਚੱਲ ਰਹੇ ਪ੍ਰਾਜੈਕਟਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕਰਨ ਲਈ ਕਿਹਾ ਅਤੇ ਅਵਾਰਡਾਂ ਦੀ ਵੰਡ ਤੇ ਜ਼ਮੀਨ ਦੇ ਕਬਜ਼ੇ ਸਮੇਤ ਵੱਖ-ਵੱਖ ਕਾਰਜਾਂ ਨੂੰ ਪੂਰਾ ਕਰਨ ਲਈ ਜ਼ਮੀਨ ਪ੍ਰਾਪਤੀ ਲਈ ਸਮਰੱਥ ਅਥਾਰਟੀ ਲਈ ਸਮਾਂ ਹੱਦ ਵੀ ਨਿਰਧਾਰਤ ਕੀਤੀਆਂ।
ਉਨ੍ਹਾਂ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਸਮੂਹ ਅਧਿਕਾਰੀਆਂ ਦਰਮਿਆਨ ਤਾਲਮੇਲ ਵਾਲੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇ, ਜਲੰਧਰ-ਹੁਸ਼ਿਆਰਪੁਰ ਹਾਈਵੇ, ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਪ੍ਰਾਜੈਕਟ ਅਤੇ ਹੁਸ਼ਿਆਰਪੁਰ-ਫਗਵਾੜਾ ਬਾਈਪਾਸ ਪ੍ਰਾਜੈਕਟ ਸਮੇਤ ਕਈ ਚੱਲ ਰਹੇ ਅਹਿਮ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਸਮੀਖਿਆ ਮੀਟਿੰਗ ਦਾ ਉਦੇਸ਼ ਚੱਲ ਰਹੇ ਪ੍ਰਾਜੈਕਟਾਂ ਦੀ ਗਤੀ ਵਿੱਚ ਤੇਜ਼ੀ ਲਿਆਉਣਾ ਅਤੇ ਆ ਰਹੀ ਕਿਸੇ ਵੀ ਅੜਚਣ ਨੂੰ ਦੂਰ ਕਰਨਾ ਸੀ। ਇਨ੍ਹਾਂ ਪ੍ਰਾਜੈਕਟਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸਾਰੇ ਭਾਗੀਦਾਰਾਂ ਨੂੰ ਤਨਦੇਹੀ ਅਤੇ ਤਾਲਮੇਲ ਨਾਲ ਕੰਮ ਕਰਨ ਦੀ ਅਪੀਲ ਕੀਤੀ।





























