
ਚੰਨੀ ਵਰਗੇ ਲੀਡਰਾਂ ‘ਤੇ ਭਰੋਸਾ ਨਹੀਂ ਕਰਨਗੇ ਜਲੰਧਰ ਵਾਸੀ – ਹਰਜਾਪ ਸਿੰਘ ਸੰਘਾ
ਭਾਜਪਾ ਕਰ ਰਹੀ ਸਿੱਖਾਂ ਦੇ ਗੁਰਦੁਆਰਿਆਂ ‘ਤੇ ਕਬਜ਼ਾ – ਮਨਜੀਤ ਸਿੰਘ ਜੀ.ਕੇ.
ਜਲੰਧਰ, (PRIME INDIAN NEWS) :- ਜਲੰਧਰ ਦੇ ਹਲਕਾ ਕੈਂਟ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਅਤੇ ਜਨਤਾ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਿੱਥੇ ਮਹਿੰਦਰ ਸਿੰਘ ਕੇ.ਪੀ. ਅਤੇ ਮਨਜੀਤ ਸਿੰਘ ਜੀ.ਕੇ. ਸਾਬਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਾਜ਼ਰ ਸਨ। ਇਸ ਦੌਰਾਨ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਵਲੋਂ ਮੀਟਿੰਗ ਆਯੋਜਿਤ ਕੀਤਿਆਂ ਗਈਆਂ , ਜਿਸ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਇਸ ਹਲਕੇ ਤੋਂ ਨਹੀਂ ਹਨ ਉਨ੍ਹਾਂ ਨੂੰ ਇਸ ਹਲਕੇ ਬਾਰੇ ਕੁਝ ਵੀ ਨਹੀਂ ਪਤਾ ਜਿਸ ਕਾਰਨ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝਦੇ ਹਨ। ਇਸ ਲਈ ਉਹ ਜਲੰਧਰ ਦੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾ ਸਮਝਦੇ ਹੋਏ ਕਿਸ ਤਰ੍ਹਾਂ ਇਨ੍ਹਾਂ ਦਾ ਹੱਲ ਕਰਨਗੇ। ਜਿਸ ਕਰਕੇ ਜਲੰਧਰ ਵਾਸੀ ਚੰਨੀ ਵਰਗੇ ਲੀਡਰਾਂ ‘ਤੇ ਭਰੋਸਾ ਨਹੀਂ ਕਰਨਗੇ।


ਉਥੇ ਹੀ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਭਾਜਪਾ ਸਿੱਖਾਂ ਦੇ ਮਸਲਿਆਂ ਵਿਚ ਬਿਨਾਂ ਗੱਲੋਂ ਦਖਲ ਦੇ ਰਹੀ ਹੈ ਅਤੇ ਸਿੱਖਾਂ ਦੇ ਗੁਰਦੁਆਰਿਆਂ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਦੋਂ ਕਿ ਸਿੱਖ ਆਪਣੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਖੁਦ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਭਾਜਪਾ ਨੇ ਕਬਜ਼ਾ ਕਰ ਲਿਆ ਹੈ। RSS ਵਰਗੀ ਸੰਸਥਾ ਗੁਰਦੁਆਰੇ ਚਲਾ ਰਹੀ ਹੈ, ਇਹ ਪੰਥ ਅਤੇ ਪੰਜਾਬ ਦੇ ਖਿਲਾਫ ਹੈ।

ਉਥੇ ਹੀ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖੀ। ਇਸ ਨਾਲ ਹੀ ਪੰਜਾਬ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਦੀਆਂ ਪਾਰਟੀਆਂ ਅਜਿਹਾ ਨਹੀਂ ਕਰ ਰਹੀਆਂ। ਕੁਝ ਨੇਤਾਵਾਂ ਲਈ ਸਿਰਫ ਉਨ੍ਹਾਂ ਦੀ ਰਾਜਨੀਤੀ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ‘ਤੇ ਹੀ ਭਰੋਸਾ ਜਤਾਉਣਗੇ।





























