ਦੇਸ਼Latestਦੁਨੀਆਂ

ਧੰਨ ਧੰਨ ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸ਼ਹੀਦ ਸਿੰਘਾਂ ਦੀ ਯਾਦ ‘ਚ ਸ਼ਹੀਦੀ ਹਫਤੇ ਦੀ ਸ਼ੁਰੂਆਤ

ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਦਸ਼ਮੇਸ਼ ਪਿਤਾ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਸਿਰਸਾ ਨਦੀ ਕਿਨਾਰੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲੋਂ ਵਿਛੜਨ ਦੀ ਘਟਨਾ ਸਬੰਧੀ 21 ਦਸੰਬਰ ਨੂੰ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਸਫਰ-ਏ-ਸ਼ਹਾਦਤ ਸਮਾਗਮ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਕਥਾਵਾਚਕ ਸੁਖਵਿੰਦਰ ਸਿੰਘ ਥਲੀ ਕਲਾਂ ਨੇ ਦੱਸਿਆ ਕਿ ਸਿਰਸਾ ਨਦੀ ਕਿਨਾਰੇ ਹੋਈ ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਤੇ ਗੁਰੂ ਜੀ ਦੇ ਪਰਿਵਾਰ ਵਿਛੋੜੇ ਦੀ ਘਟਨਾ ਦੀ ਯਾਦ ਵਿੱਚ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦੀ ਦੇਖਰੇਖ ਹੇਠ 21 ਦਸੰਬਰ ਸ਼ਾਮ ਤੋਂ 22 ਦਸੰਬਰ ਤੱਕ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਸ਼ਿਰਕਤ ਕਰਨਗੇ।

ਉਨ੍ਹਾਂ ਦੱਸਿਆ ਕਿ 22 ਦਸੰਬਰ ਨੂੰ ਸਵੇਰੇ ਪੈਦਲ ਸਫਰ-ਏ-ਸ਼ਹਾਦਤ ਮਾਰਚ ਕੱਢਿਆ ਜਾਵੇਗਾ ਜੋ ਪਿੰਡ ਮਾਜਰੀ ਗੁੱਜਰਾਂ, ਕੋਟਬਾਲਾ, ਆਸਪੁਰ ਤੋਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਨ ਉਪਰੰਤ ਰਣਜੀਤਪੁਰਾ ਰਾਹੀਂ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਤੱਕ ਪੁੱਜੇਗਾ। ਉਨ੍ਹਾਂ ਸੰਗਤ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਸ਼ਹੀਦੀ ਸਮਾਗਮਾਂ ਦੀ ਅੱਜ ਤੋਂ ਸ਼ੁਰੂਆਤ

ਇਸ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਤੇ ਗੜ੍ਹੀ ਚਮਕੌਰ ਵਿੱਚ ਮੁਗਲਾਂ ਨਾਲ ਲੜਦਿਆਂ ਸ਼ਹਾਦਤ ਦੇ ਜਾਮ ਪੀਣ ਵਾਲੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਸਮਾਗਮਾਂ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਇੱਥੋਂ ਦੇ ਸਾਰੇ ਗੁਰਦੁਆਰਿਆਂ ਵਿੱਚ ਅੱਜ ਸ੍ਰੀ ਅਖੰਡ ਪਾਠ ਆਰੰਭ ਹੋਏ ਹਨ ਅਤੇ 23 ਦਸੰਬਰ ਨੂੰ ਭੋਗ ਪਾਏ ਜਾਣਗੇ।

Related Articles

Leave a Reply

Your email address will not be published. Required fields are marked *

Back to top button