
ਜਲੰਧਰ, (PRIME INDIAN NEWS) :- ਚਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੋਂ ਯਕਦਮ ਰਾਤੋ ਰਾਤ ਛਾਲ ਮਾਰ ਕੇ ਭਾਜਪਾ ਵਿੱਚ ਗਏ ਸੁਸ਼ੀਲ ਰਿੰਕੂ ਦੇ ਆਪ ਖਿਲਾਫ ਕੀਤੇ ਅਜੀਬ ਹੌਲੇ ਪੱਧਰ ਦੇ ਵਿਅੰਗ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।
ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬੀਬੀ ਰਾਜਵਿੰਦਰ ਕੌਰ ਨੇ ਹੁਣੇ ਬਣੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਵਿਅੰਗ ਉਤੇ ਸਖਤ ਪ੍ਰਤੀਕ੍ਰਮ ਦਿੰਦੇ ਹੋਏ ਕਿਹਾ ਕਿ ਤੁਸੀ ਕਾਂਗਰਸ ਦੇ ਹਾਰੇ ਹੋਏ ਆਗੂ ਸੀ, ਆਮ ਆਦਮੀ ਪਾਰਟੀ ਨੇ ਤੁਹਾਨੂੰ ਰਾਸ਼ਟਰ ਪੱਧਰ ‘ਤੇ ਪਹੁੰਚਾ ਦਿਤਾ ਤੇ ਤੁਹਾਡਾ ਮਾਣ ਕਰਦੇ ਹੋਏ ਫਿਰ ਟਿਕਟ ਦਿਤੀ ਪਰ ਤੁਸੀ ਆਪ ਦੀ ਕਦਰ ਤਾਂ ਕੀ ਕਰਨੀ ਸੀ, ਰਾਤੋ ਰਾਤ ਮਜ਼ਦੂਰ ਤੇ ਗਰੀਬ ਵਿਰੋਧੀ ਪਾਰਟੀ ਭਾਜਪਾ ‘ਚ ਚਲੇ ਗਏ ਅਤੇ ਤੁਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤੁਹਾਡੀ ਜਿੱਤ ਲਈ ਵਹਾਇਆ ਪਸੀਨਾ ਵੀ ਭੁੱਲ ਗਏ।
ਬੀਬੀ ਕੌਰ ਨੇ ਸੁਸ਼ੀਲ ਰਿੰਕੂ ਨੂੰ ਸੰਬੋਧਤ ਹੁੰਦੇ ਹੋਏ ਅੱਗੇ ਕਿਹਾ ਕਿ ਤੁਸੀ ਜਿਸ ਕੁੱਤੇ ਦੇ ਭੌਕਣ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ‘ਤੇ ਵਿਅੰਗ ਕੀਤਾ ਹੈ, ਇਸ ਬਾਰੇ ਕਿਸੇ ਅਹਿਸਾਨ ਫਰਮੋਸ਼ ਬੰਦੇ ਤੋਂ ਵੀ ਆਸ ਨਹੀਂ ਰੱਖੀ ਜਾਂਦੀ, ਜਿਸ ਦਾ ਆਪ ਦੇ ਵਰਕਰਾਂ ਵਿੱਚ ਸਖਤ ਰੋਸ ਹੈ, ਪਰ ਇਹ ਤਾਂ ਤੁਸੀ ਵੀ ਜਾਣਦੇ ਹੋ ਕਿ ਕੁੱਤਾ ਵੀ ਜਿਸ ਮਾਲਕ ਦਾ ਪ੍ਰਸ਼ਾਦਾ ਛੱਕਦਾ ਹੈ ਉਸ ਦਾ ਉਮਰ ਭਰ ਵਫਾਦਾਰ ਰਹਿੰਦਾ ਹੈ।
ਰਾਜਵਿੰਦਰ ਕੌਰ ਅੱਜ ਰਿੰਕੂ ਦੇ ਖਿਲਾਫ ਪੂਰੀ ਤਰਾਂ ਗੁੱਸੇ ਵਿੱਚ ਦਿਖਾਈ ਦੇ ਰਹੇ ਸਨ। ਰਾਜਵਿੰਦਰ ਅਨੁਸਾਰ ਸੁਸ਼ੀਲ ਰਿੰਕੂ ਉਹ ਦਿਨ ਭੁੱਲ ਗਏ ਜਦੋਂ ਉਹ ਆਪ ਦੇ ਦਫਤਰ ਆ ਕਿ ਤਰਲੇ ਕਰਦੇ ਹੋਏ ਦਸਦੇ ਹੁੰਦੇ ਸੀ ਕਿ ਕਾਂਗਰਸ ਨੇ ਕਿਹੜੇ-ਕਿਹੜੇ ਸਮੇਂ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਦੋਂ ਉਹ ਰਾਜਨ ਤੋਂ ਡਰਦੇ ਘਰੋਂ ਬਾਹਰ ਤਕ ਨਹੀਂ ਨਿਕਲਦੇ ਸੀ ਤੇ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸੀ, ਇਨ੍ਹਾਂ ਗੱਲਾਂ ਦਾ ਤਾਂ ਹੁਣ ਪਤਾ ਲੱਗ ਰਿਹਾ ਹੈ | ਸੋ ਅਸੀਂ ਰੱਬ ਦਾ ਸ਼ੁੱਕਰ ਕਰਦੇ ਹਾਂ ਕਿ ਤੁਸੀ ਵੇਲੇ ਨਾਲ ਸਾਨੂੰ ਛੱਡ ਗਏ।
ਬੀਬੀ ਰਾਜਵਿੰਦਰ ਕੌਰ ਨੇ ਅਖੀਰ ‘ਤੇ ਕਿਹਾ ਕਿ ਛੇਤੀ ਹੀ ਇਸ ਸਬੰਧੀ ਪਾਰਟੀ ਹਾਈਕਮਾਂਡ ਨਾਲ ਗੱਲ ਕਰਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਏਗੀ।





























