
ਜ਼ਿਲ੍ਹਾ ਪੱਧਰੀ ਕਮੇਟੀ ਗਠਿਤ, ਪ੍ਰਾਪਤ ਅਰਜ਼ੀਆਂ ਸਬੰਧੀ ਨੋਡਲ ਅਫ਼ਸਰ ਨੂੰ ਪੇਸ਼ ਕਰੇਗੀ ਰਿਪੋਰਟ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਕਮੇਟੀ ਨੂੰ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਲਈ ਦਰਖਾਸਤਾਂ ’ਚ ਦਿੱਤੇ ਤਥਾਂ ਦੀ ਲੋੜੀਂਦੀ ਪੜਤਾਲ ਕਰਨ ਦੀਆਂ ਹਦਾਇਤਾਂ
ਗਲਤ ਬਿਆਨੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਜਲੰਧਰ, ਐਚ ਐਸ ਚਾਵਲਾ। ਲੋਕ ਸਭਾ ਚੋਣਾਂ-2024 ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵਿੱਚ ਨਿਯੁਕਤ ਚੋਣ ਅਮਲੇ ਵੱਲੋਂ ਆਪਣੀ ਚੋਣ ਡਿਊਟੀ ਕਟਵਾਉਣ/ਛੋਟ ਲਈ ਪੇਸ਼ ਦਰਖਾਸਤਾਂ ਦੇ ਨਿਪਟਾਰੇ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣਾਂ ਦੇ ਕੰਮ ਨੂੰ ਸਿਰੇ ਚਾੜ੍ਹਨ ਲਈ ਪੋਲਿੰਗ/ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਮਾਈਕਰੋ ਆਬਜ਼ਵਰਾਂ ਦੇ ਡਿਊਟੀ ਆਰਡਰ/ਨਿਯੁਕਤੀ ਕੀਤੀ ਗਈ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਕਈ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਪਣੀ ਚੋਣ ਡਿਊਟੀ ਕਟਵਾਉਣ/ਛੋਟ ਲੈਣ ਲਈ ਵੱਖ-ਵੱਖ ਤੱਥ ਅਤੇ ਦਰਖਾਸਤਾਂ ਪੇਸ਼ ਕੀਤੀਆਂ ਜਾਂਦੀਆਂ ਹਨ।
ਡਾ. ਹਿਮਾਂਸ਼ੂ ਨੇ ਦੱਸਿਆ ਕਿ ਇਨ੍ਹਾਂ ਦਰਖਾਸਤਾਂ ਦੇ ਨਿਪਟਾਰੇ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਚੋਣ ਡਿਊਟੀ ਨਾਲ ਸਬੰਧਤ ਬਿਨੈ ਪੱਤਰ 30 ਅਪ੍ਰੈਲ ਦਿਨ ਮੰਗਲਵਾਰ ਤੋਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਾਪਤ ਕਰੇਗੀ ਅਤੇ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਦਾ ਨਿਪਟਾਰਾ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਨੋਡਲ ਅਫ਼ਸਰ (ਮੈਨਪਾਵਰ ਮੈਨੇਜਮੈਂਟ) ਨੂੰ ਰਿਪੋਰਟ ਪੇਸ਼ ਕਰੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਕਮੇਟੀ ਵਿੱਚ ਲੈਂਡ ਰਿਕਾਰਡਜ਼, ਪੰਜਾਬ ਦੇ ਡਿਪਟੀ ਡਾਇਰੈਕਟਰ ਤਪਨ ਭਨੋਟ ਨੂੰ ਚੇਅਰਮੈਨ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਰੇਸ਼ ਕੁਮਾਰ ਨੂੰ ਕਨਵੀਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਹਰਜਿੰਦਰ ਕੌਰ, ਜ਼ਿਲ੍ਹਾ ਭਲਾਈ ਅਫ਼ਸਰ ਸੰਜੀਵ ਮੰਨਨ, ਐਸ.ਐਮ.ਓ. ਡਾ. ਬੇਅੰਤ ਸਿੰਘ ਅਤੇ ਐਸ.ਐਮ.ਓ. ਡਾ. ਵਰਿੰਦਰ ਕੌਰ ਥਿੰਦ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਚੋਣ ਡਿਊਟੀ ਤੋਂ ਛੋਣ ਦੇਣ ਲਈ ਦਰਖਾਸਤਾਂ ਵਿੱਚ ਦਿੱਤੇ ਤਥਾਂ ਦੀ ਲੋੜੀਂਦੀ ਘੋਖ-ਪੜਤਾਲ ਕਰਨ ਲਈ ਕਮੇਟੀ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਗਲਤ ਬਿਆਨੀ ਕਰਕੇ ਡਿਊਟੀ ਕਟਵਾਉਣ ਦੀ ਕੋਸ਼ਿਸ਼ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।





























