
ਜਲੰਧਰ, ਐਚ ਐਸ ਚਾਵਲਾ। ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ 120 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਨਸ਼ਾ ਤਸਕਰੀ ਦੇ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਚੌਕਸੀ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲਿਸ ਵੱਲੋਂ ਵੇਰਕਾ ਮਿਲਕ ਪਲਾਂਟ ਸਰਵਿਸ ਰੋਡ ‘ਤੇ ਚੈਕਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਸ ਪਾਰਟੀ ਨੇ ਕਰਤਾਰਪੁਰ ਵਾਲੇ ਪਾਸੇ ਤੋਂ ਪੈਦਲ ਆਉਂਦੇ ਇਕ ਵਿਅਕਤੀ ਨੂੰ ਦੇਖਿਆ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੂੰ ਵੇਖਦਿਆਂ ਹੀ ਵਿਅਕਤੀ ਅਚਾਨਕ ਵਾਪਿਸ ਮੁੜ ਗਿਆ ਅਤੇ ਇੱਕ ਛੋਟਾ ਪੋਲੀਥੀਨ ਸੁੱਟ ਦਿੱਤਾ। ਉਨਾਂ ਦੱਸਿਆ ਕਿ ਪੁਲਸ ਨੇ ਪੋਲੀਥੀਨ ਦੀ ਜਾਂਚ ਕਰਨ ‘ਤੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਮਨਦੀਪ ਸਿੰਘ ਉਰਫ ਰਾਜੂ ਪੁੱਤਰ ਜਰਨੈਲ ਸਿੰਘ ਵਾਸੀ ਗਲੀ ਨੰਬਰ 1 ਪਿੰਡ ਚੱਕ ਜੀਂਦਾ ਜਲੰਧਰ ਵਜੋਂ ਹੋਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 1 ਵਿਖੇ ਐਫਆਈਆਰ 28 ਮਿਤੀ 20-02-2024 ਅਧੀਨ 21/29-61-85 ਐਨਡੀਪੀਐਸ ਐਕਟ ਦਰਜ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਵਿੱਚ ਇੱਕ ਹੋਰ ਮੁਲਜ਼ਮ ਹਰਦੀਪ ਸਿੰਘ@ ਪੈਰੀ ਪੁੱਤਰ ਪਰਮਜੀਤ ਸਿੰਘ ਵਾਸੀ ਐਚ.ਨੰਬਰ 155 ਨਿਊ ਅਰੋੜਾ ਕਲੋਨੀ ਪਿੰਡ ਮਿੱਠਾਪੁਰ ਜਲੰਧਰ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਸ ਨੂੰ ਵੀ ਉਸੇ ਦਿਨ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਨਦੀਪ ਸਿੰਘ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ ਜਦਕਿ ਹਰਦੀਪ ਸਿੰਘ ਖ਼ਿਲਾਫ਼ ਪਹਿਲਾਂ ਹੀ ਤਰਨਤਾਰਨ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਦੋ ਐਫਆਈਆਰ ਦਰਜ ਹਨ।





























