ਦੇਸ਼ਦੁਨੀਆਂਪੰਜਾਬ

ਗੁਰੂ ਨਾਨਕ ਨਗਰ ਫਾਇਰਿੰਗ ਦੀ ਘਟਨਾ ਸਬੰਧੀ ਪੁਲਿਸ ਨੂੰ ਗੁੰਮਰਾਹ ਕਰਨ ਵਾਲਾ ਵਿਅਕਤੀ ਗ੍ਰਿਫਤਾਰ, ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਦੀ ਵੀ ਹੋਈ ਪਛਾਣ

ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਗੁਰੂ ਨਾਨਕ ਨਗਰ ਫਾਇਰਿੰਗ ਦੀ ਘਟਨਾ ਸਬੰਧੀ ਪੁਲਿਸ ਨੂੰ ਗੁੰਮਰਾਹ ਕਰਨ ਵਾਲਾ ਸਾਹਿਲ ਨਾਮ ਦਾ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਦੀ ਵੀ ਪਛਾਣ ਕਰ ਲਈ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ADCP-1 ਸ਼੍ਰੀ ਮੁਖਤਿਆਰ ਰਾਏ, PPS ਨੇ ਦੱਸਿਆ ਕਿ ਮਿਤੀ 04.11.2026 ਦੀ ਰਾਤ ਨੂੰ ਗੁਰੂ ਨਾਨਕ ਨਗਰ, ਮੁਹੱਲਾ ਦਿੱਲੀ ਕਲੋਨੀ, ਜੋ ਕਿ ਥਾਣਾ ਡਵੀਜ਼ਨ ਨੰਬਰ 1 ਦੇ ਅਧੀਨ ਆਉਂਦਾ ਹੈ, ਵਿਖੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਸੀ। ਸੂਚਨਾ ਮਿਲਣ ‘ਤੇ ਪੁਲਿਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੀ, ਜਿੱਥੇ ਸਾਹਿਲ ਨਾਮਕ ਵਿਅਕਤੀ ਮਿਲਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਦੋ ਵਿਅਕਤੀਆਂ ਵੱਲੋਂ ਉਸ ਉੱਪਰ ਅਤੇ ਉਸ ਦੀ ਕਾਰ ਉੱਪਰ ਫਾਇਰਿੰਗ ਕੀਤੀ ਗਈ ਹੈ।

ਸਾਹਿਲ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਨੰਬਰ 359/26 ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਡਵੀਜ਼ਨ ਨੰਬਰ 1 ਵਿਖੇ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਕੁਝ ਦਿਨ ਪਹਿਲਾਂ ਸਾਹਿਲ ਅਤੇ ਦੂਜੀ ਧਿਰ ਵਿਚਕਾਰ ਇੱਕ-ਦੂਜੇ ਦੇ ਪਰਿਵਾਰ ਦੀਆਂ ਔਰਤਾਂ ਨੂੰ ਫੋਨ ‘ਤੇ ਗਲਤ ਤਰੀਕੇ ਨਾਲ ਗੱਲ ਕਰਨ ਸਬੰਧੀ ਵਿਵਾਦ ਹੋਇਆ ਸੀ। ਇਸ ਤੋਂ ਇਲਾਵਾ ਦੋਵਾਂ ਧਿਰਾਂ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵੀ ਝਗੜਾ ਚੱਲ ਰਿਹਾ ਸੀ।

ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਾਹਿਲ ਵੱਲੋਂ ਪੁਲਿਸ ਨੂੰ ਘਟਨਾ ਸਬੰਧੀ ਸਹੀ ਤੱਥ ਪੇਸ਼ ਨਹੀਂ ਕੀਤੇ ਗਏ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਨ ਸਾਹਿਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ADCP-1 ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਦੋਵੇਂ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Back to top button