ਦੇਸ਼ਦੁਨੀਆਂਪੰਜਾਬ

ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਸ. ਪ੍ਰਗਟ ਸਿੰਘ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬਤ ਦੇ ਭਲੇ ਦੀ ਕੀਤੀ ਅਰਦਾਸ

ਹਵਾਈ ਅੱਡੇ ‘ਤੇ ਢੋਲ ਧਮਾਕਿਆਂ ਨਾਲ ਹੋਇਆ ਜਬਰਦਸਤ ਭਰਵਾਂ ਸਵਾਗਤ, ਸਚਿਨ ਪਾਇਲਟ ਖੁਦ ਗੱਡੀ ਚਲਾਉਂਦੇ ਦਿਖਾਈ ਦਿੱਤੇ

PRIME INDIAN NEWS✍️H S CHAWLA

ਅੰਮ੍ਰਿਤਸਰ, (PIN):- ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਸ. ਪ੍ਰਗਟ ਸਿੰਘ ਆਪਣੀ ਨਿਯੁਕਤੀ ਤੋਂ ਬਾਅਦ ਵੀਰਵਾਰ ਸਵੇਰੇ 9 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ, ਉਨ੍ਹਾਂ ਦੇ ਨਾਲ ਕਾਂਗਰਸ ਇੰਚਾਰਜ ਸਚਿਨ ਪਾਇਲਟ ਵੀ ਸਨ। ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹਵਾਈ ਅੱਡੇ ‘ਤੇ ਢੋਲ ਧਮਾਕਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਪ੍ਰਗਟ ਸਿੰਘ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਏ।

ਹਵਾਈ ਅੱਡੇ ਤੋਂ ਹਰਿਮੰਦਰ ਸਾਹਿਬ ਤੱਕ ਦੀ ਯਾਤਰਾ ਦੌਰਾਨ ਸਚਿਨ ਪਾਇਲਟ ਖੁਦ ਗੱਡੀ ਚਲਾਉਂਦੇ ਦਿਖਾਈ ਦਿੱਤੇ, ਜਦੋਂ ਕਿ ਪ੍ਰਗਟ ਸਿੰਘ ਉਨ੍ਹਾਂ ਦੇ ਨਾਲ ਬੈਠੇ ਸਨ। ਦੋਵਾਂ ਆਗੂਆਂ ਦੀ ਇਹ ਫੋਟੋ ਅਤੇ ਵੀਡੀਓ ਅੰਮ੍ਰਿਤਸਰ ਪਹੁੰਚਦੇ ਹੀ ਚਰਚਾ ਦਾ ਵਿਸ਼ਾ ਬਣ ਗਈ। ਇਥੇ ਵੀ ਨਵੇਂ ਸੂਬਾ ਪ੍ਰਧਾਨ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਪਹੁੰਚੇ ਹੋਏ ਸਨ।

ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ, ਉਨ੍ਹਾਂ ਹੋਰ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ, ਉਹ ਮੋਹਾਲੀ ਵਿੱਚ ਪੰਜਾਬ ਕਾਂਗਰਸ ਲੀਡਰਸ਼ਿਪ ਨਾਲ ਮੀਟਿੰਗ ਕਰ ਸਕਦੇ ਹਨ। ਇਸ ਦੌਰਾਨ, ਉਨ੍ਹਾਂ ਦੇ ਅਗਲੇ ਦਿਨ ਹਿਮਾਚਲ ਪ੍ਰਦੇਸ਼ ਦੇ ਮਾਂ ਚਿੰਤਪੂਰਨੀ ਦਰਬਾਰ ਵਿੱਚ ਵੀ ਮੱਥਾ ਟੇਕਣ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ।

ਪੰਜਾਬ ਵਾਪਸ ਆਉਣ ਤੋਂ ਪਹਿਲਾਂ, ਪ੍ਰਗਟ ਸਿੰਘ ਨੇ ਦਿੱਲੀ ਵਿੱਚ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ। ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਦੋਵਾਂ ਆਗੂਆਂ ਵਿਚਕਾਰ ਹੋਈ ਇਸ ਮੁਲਾਕਾਤ ਨੂੰ ਰਾਜਨੀਤਿਕ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮੁਲਾਕਾਤ ਤੋਂ ਬਾਅਦ, ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਮਤਭੇਦ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਪਾਰਟੀ ਪੰਜਾਬ ਵਿੱਚ ਇੱਕਜੁੱਟ ਹੈ। ਆਗੂਆਂ ਦੇ ਆਪਣੇ ਵਿਚਾਰ ਹੋ ਸਕਦੇ ਹਨ, ਪਰ ਇਹੀ ਲੋਕਤੰਤਰ ਦੀ ਸੁੰਦਰਤਾ ਹੈ।

ਨਵੇਂ ਸੂਬਾ ਪ੍ਰਧਾਨ ਵਜੋਂ ਪੰਜਾਬ ਦੇ ਪਹਿਲੇ ਦੌਰਾਨ 2027 ਦੀਆਂ ਵਿਧਾਨਸਭਾ ਚੋਣਾਂ ਬਾਰੇ ਬੋਲਦਿਆਂ ਸ. ਪ੍ਰਗਟ ਸਿੰਘ ਨੇ ਕਿਹਾ ਕਿ ਅੱਜ ਅਸੀ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਆਏ ਹਾਂ, ਸਾਰੇ ਧਰਮਾਂ ਦਾ ਅਸ਼ੀਰਵਾਦ ਲੈਣਾ ਹੈ। ਉਨ੍ਹਾਂ ਕਿਹਾ ਕਿ ਪੋਲੋਟਿਕਸ ਕਰਾਂਗਾ ਅਤੇ ਪਾਰੀ ਵੀ ਖੇਡਾਂਗੇ, ਬਸ 2 ਕੁ ਦਿਨ ਦੇ ਦਿਓ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਇੱਕਜੁੱਟ ਹੋ ਕੇ ਲੜੇਗੀ। ਉਨ੍ਹਾਂ ਨੇ ਪਾਰਟੀ ਦੇ ਅੰਦਰ ਵੱਖੋ-ਵੱਖਰੇ ਵਿਚਾਰਾਂ ਨੂੰ ਲੋਕਤੰਤਰੀ ਪ੍ਰਕਿਰਿਆ ਦਾ ਹਿੱਸਾ ਦੱਸਿਆ ਅਤੇ ਸੰਗਠਨ ਨਾਲ ਅੱਗੇ ਵਧਣ ਦੀ ਇੱਛਾ ਦਾ ਸੰਕੇਤ ਦਿੱਤਾ।

Related Articles

Back to top button