
ਜਲੰਧਰ, ਐਚ ਐਸ ਚਾਵਲਾ। ਲੋਕ ਸਭਾ ਚੋਣਾਂ ਪਹਿਲਾਂ ਜਲੰਧਰ ‘ਚ ਕਈ ਖੇਮਿਆਂ ਵਿੱਚ “ਆਮ ਆਦਮੀ ਪਾਰਟੀ” ਵੰਡੀ ਗਈ, ਇਸ ਵਧਦੀ ਧੜੇਬੰਦੀ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। 6 ਮਹੀਨੇ ਪਹਿਲਾਂ ਜ਼ਿਮਨੀ ਚੋਣ ਵਿਚ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਮਿਲ ਕੇ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਸੀ ਪਰ ਇਸ ਵਾਰ ਸਰਕਾਰ ਦਾ ਧਿਆਨ ਹਰ ਸੀਟ ‘ਤੇ ਰਹੇਗਾ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਚਾਲੇ ਫਿਰ ਤੋਂ ਤਣਾਅ ਸ਼ੁਰੂ ਹੋ ਗਿਆ ਹੈ। ਹੁਣ ਮੌਜੂਦਾ ਹਾਲਾਤ ਇਹ ਬਣ ਚੁੱਕੇ ਹਨ ਕਿ ਜਲੰਧਰ ਵਿੱਚ ਸੱਤਾਧਾਰੀ ‘ਆਪ’ ਕਈ ਖੇਮਿਆਂ ਵਿੱਚ ਵੰਡੀ ਹੋਈ ਹੈ। ਇੱਕ ਡੇਰਾ ਵਿਧਾਇਕਾਂ ਦਾ ਹੈ, ਦੂਜਾ ਡੇਰਾ ਮੰਤਰੀ ਦਾ ਹੈ ਅਤੇ ਤੀਜਾ ਡੇਰਾ ਖੁਦ ਸੰਸਦ ਮੈਂਬਰਾਂ ਦਾ ਹੈ। ਉਸ ਦੇ ਉੱਪਰ ਇੱਕ ਤਾਕਤਵਰ ਮਹਿਲਾ ਨੇਤਾ ਦਾ ਡੇਰੇ ਵੱਖਰੇ ਤੌਰ ‘ਤੇ ਕੰਮ ਕਰ ਰਿਹਾ ਹੈ। ਉਂਜ ਵੀ ਇਹ ਤਾਕਤਵਰ ਮਹਿਲਾ ਆਗੂ ਸਾਰੇ ਡੇਰਿਆਂ ਨੂੰ ਇੱਕਜੁੱਟ ਕਰਨ ਵਿੱਚ ਲੱਗੀ ਹੋਈ ਹੈ।
ਗੌਰਤਲਬ ਹੈ ਕਿ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਅਤੇ ਜਲੰਧਰ ਪੱਛਮੀ ਹਲਕੇ ਦੀ ਵਿਧਾਇਕ ਸ਼ੀਤਲ ਅੰਗੁਰਾਲ ਨਾਲ 36 ਦਾ ਅੰਕੜਾ ਹੋਰ ਵਧ ਗਿਆ ਹੈ। ਇੱਥੋਂ ਤੱਕ ਕਿ ਇੱਕ ਮਾਮਲੇ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ MP ਸੁਸ਼ੀਲ ਰਿੰਕੂ ਨੂੰ ਚੁਣੌਤੀ ਦਿੱਤੀ ਹੈ।
ਇਹ ਹੀ ਨਹੀਂ ਬੀਤੇ ਦਿਨੀ ਜਲੰਧਰ ‘ਚ ਸੱਤਾਧਾਰੀ ਨੇਤਾਵਾਂ ‘ਚ ਬਹੁਤ ਖਤਰਨਾਕ ਰਾਜਨੀਤੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਸੱਤਾਧਾਰੀ ‘ਆਪ’ ਵਿੱਚ ਧੜੇਬੰਦੀ ਸ਼ੁਰੂ ਹੋ ਗਈ ਹੈ। ਜਿਸ ਦਾ ਨਤੀਜਾ ਬੀਤੇ ਦਿਨ ਪਿੰਡ ਬੜਿੰਗ ‘ਚ ਦੇਖਣ ਨੂੰ ਮਿਲਿਆ, ਜਿਥੇ ਸੱਤਾਧਾਰੀ ਆਗੂਆਂ ਦੇ ਹਮਾਇਤੀਆਂ ਦੇ ਵਿੱਚਕਾਰ ਜ਼ਬਰਦਸਤ ਟੱਕਰਾਅ ਹੋ ਗਿਆ, ਜਿਸਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।





























