
20 ਲੱਖ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
25 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦਾ ਦਿਵਾਇਆ ਭਰੋਸਾ
ਜਲੰਧਰ, ਐਚ ਐਸ ਚਾਵਲਾ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਅੱਜ ਇਤਿਹਾਸਕ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਵਿਖੇ ਨਤਮਸਤਕ ਹੋਏ ਅਤੇ ਇਸ ਪਵਿੱਤਰ ਅਸਥਾਨ ‘ਤੇ ਲੱਗਣ ਵਾਲੇ ਸਾਲਾਨਾ ਮੇਲੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਦੋਵਾਂ ਅਧਿਕਾਰੀਆਂ ਨੇ ਮੰਦਰ ਕੰਪਲੈਕਸ ਦਾ ਦੌਰਾ ਕੀਤਾ ਅਤੇ ਦੇਸ਼ ਤੇ ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਚਾਰੂ ਅਤੇ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਮੇਲੇ ਦੌਰਾਨ 20 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਮੰਦਿਰ ਆਉਣ ਦੀ ਉਮੀਦ ਹੈ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਭਾਰੀ ਇਕੱਠ ਦੇ ਮੱਦੇਨਜ਼ਰ ਧਾਰਮਿਕ ਅਸਥਾਨ ਅਤੇ ਹੋਰ ਅਹਿਮ ਥਾਵਾਂ ‘ਤੇ ਲੋੜੀਂਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾਣਗੇ। ਮੇਲੇ ਦੌਰਾਨ ਪ੍ਰਬੰਧਾਂ ਸਬੰਧੀ ਬਿਹਤਰ ਤਾਲਮੇਲ ਅਤੇ ਕਿਸੇ ਵੀ ਲੋੜ ‘ਤੇ ਤੁਰੰਤ ਕਾਰਵਾਈ ਕਰਨ ਲਈ ਮੰਦਰ ਕੰਪਲੈਕਸ ਵਿੱਚ ਇੱਕ ਵਿਸ਼ੇਸ਼ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਵਾਜਾਈ ਪ੍ਰਬੰਧਨ, ਵਾਹਨਾਂ ਲਈ ਡਾਈਵਰਜਨ, ਪਾਰਕਿੰਗ ਸਹੂਲਤ ਅਤੇ ਭੀੜ ਨੂੰ ਸੰਭਾਲਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਦਿੱਕਤ ਦੇ ਮੱਥਾ ਟੇਕ ਸਕਣ। ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੌਕਸ ਰਹਿਣ ਅਤੇ ਮੇਲੇ ਦੌਰਾਨ ਵੱਖ-ਵੱਖ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਅਧਿਕਾਰੀਆਂ ਨੇ ਧਾਰਮਿਕ ਅਸਥਾਨ ਦੇ ਅੰਦਰ ਅਤੇ ਆਲੇ-ਦੁਆਲੇ ਢੁੱਕਵੀਂ ਸਫਾਈ ਵਿਵਸਥਾ ਅਤੇ ਨਾਗਰਿਕ ਸਹੂਲਤਾਂ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਨਗਰ ਨਿਗਮ ਨੂੰ ਮੰਦਰ ਨੂੰ ਜਾਣ ਵਾਲੀਆਂ ਸੜਕਾਂ ‘ਤੇ ਸਫਾਈ ਤੇ ਪਾਣੀ ਦਾ ਛਿੜਕਾਅ ਅਤੇ ਸ਼ਰਧਾਲੂਆਂ ਲਈ ਆਰਜ਼ੀ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ।
ਇਸੇ ਤਰ੍ਹਾਂ ਸਿਹਤ ਵਿਭਾਗ ਨੂੰ ਕਿਸੇ ਵੀ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਸ਼ਰਧਾਲੂਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਢੁੱਕਵੀਆਂ ਥਾਵਾਂ ‘ਤੇ ਲੋੜੀਂਦੀਆਂ ਦਵਾਈਆਂ ਅਤੇ ਐਂਬੂਲੈਂਸਾਂ ਨਾਲ ਲੈਸ ਡਾਕਟਰੀ ਟੀਮਾਂ ਤਾਇਨਾਤ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਵਿਸ਼ਵ-ਪ੍ਰਸਿੱਧ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਆਰਾਮਦਾਇਕ ਮਾਹੌਲ ਮਿਲੇ ਅਤੇ ਉਹ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈ ਸਕਣ।
ਇਸ ਮੌਕੇ ਮੰਦਰ ਟਰੱਸਟ ਦੇ ਨੁਮਾਇੰਦੇ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਤੋਂ ਪਹਿਲਾਂ, ਬਾਬਾ ਸੋਢਲ ਮੰਦਰ ਅਤੇ ਗੁਰਦੁਆਰਾ ਸਾਹਿਬ ਦੋਵਾਂ ਦੀਆਂ ਕਮੇਟੀਆਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦਾ ਸਨਮਾਨ ਵੀ ਕੀਤਾ ਗਿਆ।
















