
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ਼੍ਰੀ ਸਤਿੰਦਰ ਸਿੰਘ, ਆਈ.ਪੀ.ਐਸ., ਕਮਿਸ਼ਨਰ ਆਫ਼ ਪੁਲਿਸ, ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸ੍ਰੀ ਅਦਿੱਤਿਆ ਐਸ ਵਾਰੀਅਰ, ਆਈ.ਪੀ.ਐਸ. ਡੀ.ਸੀ.ਪੀ. ਸਿਟੀ, ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ. ਡੀ.ਸੀ.ਪੀ. ਲਾਅ ਆਰਡਰ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ੍ਰੀ ਸਿੱਧ ਬਾਬਾ ਸੋਡਲ ਮੰਦਿਰ ਵਿਖੇ ਹੋਣ ਵਾਲੇ ਸਮਾਗਮ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਆਪਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ।
ਸ਼ਰਧਾਲੂਆਂ ਦੀ ਸੁਰੱਖਿਆ, ਭੀੜ ਦੇ ਸੁਚੱਜੇ ਪ੍ਰਬੰਧਨ ਅਤੇ ਕਾਨੂੰਨ-ਵਿਵਸਥਾ ਨੂੰ ਯਕੀਨੀ ਬਣਾਉਣ ਲਈ ਲਗਭਗ 1500 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਲੋੜ ਅਨੁਸਾਰ ਹੋਰ ਜ਼ਿਲ੍ਹਿਆਂ ਤੋਂ ਵਾਧੂ ਪੁਲਿਸ ਫੋਰਸ ਵੀ ਮੇਲਾ ਡਿਊਟੀ ਲਈ ਤਾਇਨਾਤ ਕੀਤੀ ਗਈ ਹੈ। ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਵਧੀਕ ਗਜ਼ਟਿਡ ਅਫ਼ਸਰਾਂ ਦੀ ਵੀ ਵਿਸ਼ੇਸ਼ ਮੇਲਾ ਡਿਊਟੀ ਲਗਾਈ ਗਈ ਹੈ।
ਸੁਰੱਖਿਆ ਪ੍ਰਬੰਧਾਂ ਤਹਿਤ ਪੁਲਿਸ ਮੁਲਾਜ਼ਮਾਂ ਵਿਚਕਾਰ ਤੁਰੰਤ ਅਤੇ ਪ੍ਰਭਾਵਸ਼ਾਲੀ ਤਾਲਮੇਲ ਲਈ ਵਾਇਰਲੈੱਸ ਸੈੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੰਦਿਰ ਸਾਹਮਣੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਰਾਂਹੀ 24 ਘੰਟੇ ਮੇਲੇ ਦੌਰਾਨ ਸਥਿਤੀ ‘ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਮੰਦਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ CCTV ਕੈਮਰੇ ਲਗਾਏ ਗਏ ਹਨ ਅਤੇ ਵੱਖ-ਵੱਖ ਸੰਵੇਦਨਸ਼ੀਲ ਸਥਾਨਾਂ ‘ਤੇ ਨਿਗਰਾਨੀ ਪੋਸਟਾਂ ਸਥਾਪਿਤ ਕੀਤੀਆਂ ਗਈਆਂ ਹਨ, ਤਾਂ ਜੋ ਹਰ ਗਤੀਵਿਧੀ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਸਕੇ।
ਸਮਾਗਮ ਦੌਰਾਨ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ QRT ਟੀਮਾਂ, ARP ਟੀਮਾਂ, ਐਂਟੀ-ਸੈਬੋਟਾਜ਼ ਟੀਮਾਂ ਅਤੇ ਡਾਗ ਸਕੁਆਡ ਤਾਇਨਾਤ ਕੀਤੇ ਗਏ ਹਨ। ਮੰਦਿਰ ਪਰਿਸਰ ਵਿੱਚ ਮੈਟਲ ਡਿਟੈਕਟਰ ਅਤੇ ਜੈਮਰ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਬਾਡੀ ਕੈਮਰਿਆਂ ਨਾਲ ਲੈਸ ਪੁਲਿਸ ਮੁਲਾਜ਼ਮ, ਸਿਵਲ ਕੱਪੜਿਆਂ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਦਾ ਹਿੱਸਾ ਹਨ।
ਮੰਦਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੈਦਲ ਪੈਟਰੋਲਿੰਗ ਟੀਮਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਭੀੜ-ਭਾੜ ਵਾਲੀਆਂ ਥਾਵਾਂ ‘ਤੇ ਵਿਸ਼ੇਸ਼ ਤੌਰ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਸੰਭਾਵਿਤ ਸਥਿਤੀ ਦਾ ਤੁਰੰਤ ਪਤਾ ਲਗਾਇਆ ਜਾ ਸਕੇ। ਪੁਲਿਸ ਵੱਲੋਂ ਭੀੜ ਦੇ ਸੁਚੱਜੇ ਪ੍ਰਬੰਧਨ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਸ਼ਰਧਾਲੂਆਂ ਦੀ ਸਹੂਲਤ ਅਤੇ ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਪਾਰਕਿੰਗ ਪ੍ਰਬੰਧ ਕੀਤੇ ਗਏ ਹਨ। ਮੰਦਿਰ ਦੇ ਆਸ-ਪਾਸ ਜ਼ਰੂਰੀ ਥਾਵਾਂ ਤੇ ਵਾਹਨਾਂ ਦੀ ਐਂਟਰੀ ਨੂੰ ਨਿਯੰਤਰਿਤ ਕਰਦਿਆਂ No Entry ਜ਼ੋਨ ਬਣਾਏ ਗਏ ਹਨ, ਤਾਂ ਜੋ ਮੇਲੇ ਦੌਰਾਨ ਆਵਾਜਾਈ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ ਅਤੇ ਸ਼ਰਧਾਲੂਆਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਜਾਰੀ ਰਹੇ। ਵੱਖ ਥਾਵਾਂ ਤੇ ਸਿਕਓਰੀਟੀ ਵਿਵਸਥਾਵਾਂ ਦੀ ਨਿਗਰਾਨੀ ਲਈ GO ਅਫਸਰਾਂ ਦੀ ਸ਼ਿਫਟਾਂ ਵਿੱਚ ਡਿਊਟੀ ਲਗਾਈ ਗਈ ਹੈ ਤਾਂ ਜੋ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ।
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਪੁਲਿਸ ਫੋਰਸ ਨੂੰ ਹਰ ਸੰਭਾਵਿਤ ਸਥਿਤੀ ਨਾਲ ਤੁਰੰਤ ਨਜਿੱਠਣ ਲਈ ਪੂਰੀ ਤਰ੍ਹਾਂ ਅਲਰਟ ਰੱਖਿਆ ਗਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮੇਲਾ ਡਿਊਟੀ ‘ਤੇ ਤਾਇਨਾਤ ਫੋਰਸ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਵਿੱਚ ਸਹਿਯੋਗ ਕਰਨ, ਨਿਰਧਾਰਤ ਪਾਰਕਿੰਗ ਸਥਾਨਾਂ ਦੀ ਹੀ ਵਰਤੋਂ ਕਰਨ, ਮੰਦਰ ਦੇ ਆਸ-ਪਾਸ ਨੋ-ਐਂਟਰੀ ਜ਼ੋਨ ਵਿੱਚ ਸਿਰਫ਼ ਪੈਦਲ ਆਵਾਜਾਈ ਦੀ ਇਜਾਜ਼ਤ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਵਾਹਨ ਦਾ ਦਾਖਲਾ ਪੂਰੀ ਤਰ੍ਹਾਂ ਵਰਜਿਤ ਰਹੇਗਾ, No Entry ਵਾਲੇ ਖੇਤਰਾਂ ਵਿੱਚ ਵਾਹਨ ਨਾ ਲਿਜਾਣ ਅਤੇ ਕਿਸੇ ਵੀ ਸ਼ੱਕੀ ਵਿਅਕਤੀ, ਵਸਤੂ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
















