ਦੇਸ਼ਦੁਨੀਆਂਪੰਜਾਬ

ਨਸ਼ਾ ਵਿਰੋਧੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਵੱਡੀ ਕਾਮਯਾਬੀ; 1 ਕਿਲੋ ਅਫੀਮ, 5,000 ਪ੍ਰੋਗਾਬਾਲਿਨ ਗੋਲੀਆਂ ਅਤੇ 22,000 ਡਰੱਗ ਮਨੀ ਸਮੇਤ 3 ਮੁਲਜ਼ਮ ਕਾਬੂ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ, ਆਈ.ਪੀ.ਐਸ., ਕਮਿਸ਼ਨਰ ਆਫ਼ ਪੁਲਿਸ, ਜਲੰਧਰ ਜੀ ਦੇ ਦਿਸ਼ਾ-ਨਿਰਦੇਸਾਂ ਹੇਠ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਦਿੱਤਿਆ ਐਸ. ਵਾਰੀਅਰ, ਆਈ.ਪੀ.ਐਸ., ਡੀ.ਸੀ.ਪੀ. ਸਿਟੀ, ਸ੍ਰੀਮਤੀ ਮਾਧਵੀ ਸ਼ਰਮਾ ਪੀ.ਪੀ.ਐਸ. ਏ.ਡੀ.ਸੀ.ਪੀ.-2 ਜਲੰਧਰ, ਦੀ ਨਿਗਰਾਨੀ ਹੇਠ ਸ੍ਰੀ ਆਤਿਸ਼ ਭਾਟੀਆਏ.ਸੀ.ਪੀ. ਵੈਸਟ ਦੀ ਟੀਮ ਅਤੇ ਥਾਣਾ ਡਵੀਜ਼ਨ ਨੰਬਰ 05 ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।

ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਇੱਕ ਮੁਲਜ਼ਮ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮ ਦੀ ਪੁੱਛਗਿੱਛ ਅਤੇ ਉਸ ਦੇ ਬੈਕਵਰਡ ਲਿੰਕੇਜ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁੱਲ 1 ਕਿਲੋ ਅਫੀਮ, 5,000 ਪ੍ਰੇਗਾਬਾਲਿਨ ਗੋਲੀਆਂ ਅਤੇ ₹22,000 ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਮੁੱਖ ਮੁਲਜ਼ਮ ਦੀ ਪਛਾਣ ਸ਼ੁਭਮ ਸ਼ਰਮਾ ਵਾਸੀ ਬਾਬੂ ਲਾਲ ਸਿੰਘ ਨਗਰ, ਜਲੰਧਰ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਉਮਰ ਲਗਭਗ 24 ਤੋਂ 25 ਸਾਲ ਦੇ ਵਿਚਕਾਰ ਹੈ।

ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੀਲੀਆਂ ਗੋਲੀਆਂ ਦੀ ਖੇਪ ਬਾਹਰਲੇ ਰਾਜ ਤੋਂ ਲਿਆਂਦੀ ਜਾ ਰਹੀ ਸੀ। ਪੁਲਿਸ ਵੱਲੋਂ ਮੁਲਜ਼ਮਾਂ ਦੇ ਬੈਕਵਰਡ ਲਿੰਕੇਜ, ਨਸ਼ਾ ਸਪਲਾਈ ਦੇ ਸਰੋਤ ਅਤੇ ਹੋਰ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਤਕਨੀਕੀ ਅਤੇ ਫੋਰੈਂਸਿਕ ਜਾਂਚ ਦੇ ਨਾਲ-ਨਾਲ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸਪਲਾਈ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਨਸ਼ਾ ਸਪਲਾਈ ਨੈੱਟਵਰਕ ਨਾਲ ਜੁੜੇ ਹਰ ਵਿਅਕਤੀ ਦੀ ਭੂਮਿਕਾ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Related Articles

Back to top button