PRIME INDIAN NEWS ✍️ H S CHAWLA
ਚੰਡੀਗੜ੍ਹ, (PIN) :- ਯੂਕੇ ਦੇ ਮੈਂਬਰ ਪਾਰਲੀਮੈਂਟ ਅਤੇ ਸੰਸਦ ਦੀ ਡਿਫੈਂਸ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਪੰਜਾਬ ਵਿਧਾਨ ਸਭਾ ਵਿਖੇ ਅਹਿਮ ਮੁਲਾਕਾਤ ਹੋਈ, ਇਸ ਬੈਠਕ ਦੌਰਾਨ ਮੁੱਖ ਤੌਰ ‘ਤੇ ਪ੍ਰਵਾਸੀ ਭਾਰਤੀਆਂ NRI ਦੇ ਮੁੱਦਿਆਂ, ਪੰਜਾਬ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਇਹ ਮੁਲਾਕਾਤ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਤਨਮਨਜੀਤ ਸਿੰਘ ਢੇਸੀ ਨੂੰ ਵਿਸ਼ੇਸ਼ ਤੌਰ ਤੇ ਸੈਸ਼ਨ ਵਿੱਚ ਬੁਲਾਏ ਜਾਣ ਤੇ ਹੋਈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ।
NRI ਮੁੱਦੇ ਅਤੇ ਜ਼ਮੀਨੀ ਵਿਵਾਦ ਤੇ MP ਢੇਸੀ ਨੇ ਪ੍ਰਵਾਸੀ ਭਾਰਤੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਖਾਸ ਕਰਕੇ ਜ਼ਮੀਨੀ/ਜਾਇਦਾਦ ਦੇ ਵਿਵਾਦਾਂ ਨੂੰ ਸਮਾਂ-ਬੱਧ ਤਰੀਕੇ ਨਾਲ ਨਿਪਟਾਉਣ ਦੀ ਮੰਗ ਕੀਤੀ।
ਏਵੀਏਸ਼ਨ ਹੱਬ ਅਤੇ ਸਿੱਧੀਆਂ ਉਡਾਣਾਂ ਤੇ ਉਨ੍ਹਾਂ ਪ੍ਰਸਤਾਵ ਦਿੱਤਾ ਕਿ ਪੰਜਾਬ (ਅੰਮ੍ਰਿਤਸਰ ਅਤੇ ਚੰਡੀਗੜ੍ਹ) ਨੂੰ ਪੂਰੇ ਉੱਤਰੀ ਭਾਰਤ ਲਈ ਇੱਕ ਵੱਡਾ ਏਵੀਏਸ਼ਨ ਹੱਬ ਵਿਕਸਤ ਕੀਤਾ ਜਾਵੇ।
ਉਨ੍ਹਾਂ ਵਲੋਂ ਲੰਡਨ, ਬਰਮਿੰਘਮ ਅਤੇ ਹੋਰ ਵਿਦੇਸ਼ੀ ਸ਼ਹਿਰਾਂ ਤੋਂ ਸਿੱਧੀਆਂ ਉਡਾਣਾਂ ਵਧਾਉਣ ‘ਤੇ ਜ਼ੋਰ ਦਿੱਤਾ ਗਿਆ।
ਨਿਵੇਸ਼ ਅਤੇ ਵਪਾਰ ਸਬੰਧੀ ਉਨ੍ਹਾਂ ਨਾਲ ਪ੍ਰਵਾਸੀ ਪੰਜਾਬੀਆਂ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਾਰਗੋ/ਵਪਾਰਕ ਸੇਵਾਵਾਂ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਹੋਈ।
ਸੁਰੱਖਿਆ ਅਤੇ ਫਿਰੌਤੀਆਂ (Extortion) ਦੀ ਸਮੱਸਿਆ: ਸਬੰਧੀ MP ਢੇਸੀ ਨੇ ਕਾਰੋਬਾਰੀਆਂ ਅਤੇ ਖੇਡ ਪ੍ਰਮੋਟਰਾਂ ਨੂੰ ਮਿਲ ਰਹੀਆਂ ਧਮਕੀਆਂ/ਰੰਗਦਾਰੀਆਂ ਦੇ ਮੁੱਦੇ ‘ਤੇ ਚਿੰਤਾ ਜਤਾਉਂਦੇ ਹੋਏ ਭਾਰਤ, ਯੂ.ਕੇ., ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਵਿਚਕਾਰ ਤਾਲਮੇਲ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ।
ਧਾਰਮਿਕ ਯਾਤਰਾ ਨੂੰ ਲੈ ਕੇ ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਪੂਰੀ ਵਰਤੋਂ ਕਰਨ ਅਤੇ ਖੇਤਰੀ ਸ਼ਾਂਤੀ ਬਣਾਏ ਰੱਖਣ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਚਾਚਾ ਜੀ ਪਰਮਜੀਤ ਸਿੰਘ ਰਾਏਪੁਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦ ਸਨ।
















