
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਟਾਂਕ ਕਸ਼ੱਤਰੀ ਸਭਾ, ਜਲੰਧਰ ਛਾਉਣੀ ਵੱਲੋਂ ਸ਼੍ਰੋਮਣੀ ਭਗਤ ਬਾਬਾ ਨਾਮ ਦੇਵ ਜੀ ਦਾ 755ਵਾਂ ਪ੍ਰਕਾਸ਼ ਉਤਸਵ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜਲੰਧਰ ਛਾਉਣੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਟਾਂਕ ਕਸ਼ੱਤਰੀ ਸਭਾ ਵਲੋਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕੀਰਤਨੀ ਜੱਥੇ, ਭਾਈ ਹਰਜੀਤ ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਸਹਿਜ ਜੀ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਇਸ ਮੌਕੇ ਟਾਂਕ ਕਸ਼ੱਤਰੀ ਸਭਾ ਵੱਲੋਂ ਸਾਰੀਆਂ ਸਹਯੋਗੀ ਸੰਸਥਾਵਾਂ ਅਤੇ ਸਹਯੋਗੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਵਲੋਂ ਸਭਾ ਦੇ ਮੁੱਖੀ ਡਾ. ਕੁਮਾਰ ਸੰਜੀਵ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।





























