
ਭਾਜਪਾ ਆਗੂ ਦੇ ਬਿਆਨ ਚੋਂ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦੀ ਬੋਅ ਆਉਂਦੀ ਹੈ- ਕਾਮਰੇਡ ਸੇਖੋਂ
ਜਲੰਧਰ 22 ਅਕਤੂਬਰ : ਸੱਤ੍ਹਧਾਰੀ ਭਾਜਪਾ ਆਗੂ ਵੱਲੋਂ ਦੇਸ਼ ਦੀਆਂ ਘੱਟ ਗਿਣਤੀ ਦੀ ਨਮਕ ਹਰਾਮੀ ਵਰਗੇ ਸ਼ਬਦਾਂ ਨਾਲ ਤੁਲਨਾ ਕਰਨਾ ਕੇਂਦਰੀ ਸੱਤ੍ਹਾ ਤੇ ਕਾਬਜ਼ ਭਾਜਪਾ ਦੀ ਸੌੜੀ ਸੋਚ ਦਾ ਪਰਤੱਖ ਸਬੂਤ ਹੈ। ਪਾਰਟੀ ਦੇ ਵੱਡੇ ਆਗੂ ਤੇ ਮੈਂਬਰ ਪਾਰਲੀਮੈਂਟ ਵੱਲੋਂ ਵਰਤੇ ਗਏ ਇਹਨਾਂ ਸ਼ਬਦਾਂ ਨੂੰ ਕਿਸੇ ਵਿਅਕਤੀ ਦੇ ਨਿੱਜੀ ਸ਼ਬਦ ਨਹੀਂ ਮੰਨਿਆਂ ਜਾ ਸਕਦਾ, ਇਸ ਵਿੱਚੋਂ ਪਾਰਟੀ ਦੀ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦੀ ਬੋਅ ਆਉਂਦੀ ਹੈ। ਇਹ ਵਿਚਾਰ ਸੀ.ਪੀ.ਆਈ. (ਐੱਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਹੇ। ਉਹਨਾਂ ਕਿਹਾ ਕਿ ਵਰਨਣਯੋਗ ਹੈ ਕਿ ਬੀਤੇ ਦਿਨੀਂ ਬਿਹਾਰ ਦੇ ਬੇਗੂਸਰਾਏ ਹਲਕੇ ਤੋਂ ਮੈਂਬਰ ਪਾਰਲੀਮੈਂਟ ਗਿਰੀਰਾਜ ਸਿੰਘ ਜੋ ਭਾਜਪਾ ਦਾ ਵਿਵਾਦਾਂ ਵਿੱਚ ਰਹਿਣ ਵਾਲਾ ਉੱਚ ਆਗੂ ਹੈ, ਨੇ ਇੱਕ ਮੌਲਵੀ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ ਸੀ ਕਿ ਘੱਟ ਗਿਣਤੀਆਂ ਦੇ ਲੋਕ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਤਾਂ ਹਾਸਲ ਕਰਦੇ ਹਨ, ਪਰ ਭਾਜਪਾ ਨੂੰ ਵੋਟ ਨਹੀਂ ਪਾਉਂਦੇ। ਉਸਨੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਨਮਕ ਹਰਾਮੀ ਤੱਕ ਕਹਿ ਦਿੱਤਾ ਸੀ। ਕਾਮਰੇਡ ਸੇਖੋਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ, ਇਸ ਵਿੱਚ ਸਭ ਨੂੰ ਬਰਾਬਰ ਦਾ ਸਤਿਕਾਰ ਦੇਣ ਦੀ ਵਿਵਸਥਾ ਹੈ। ਭਾਜਪਾ ਆਗੂ ਵੱਲੋਂ ਕਿਸੇ ਵੀ ਧਰਮ, ਜਾਤ, ਗੋਤ ਆਦਿ ਬਾਰੇ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ। ਭਾਜਪਾ ਆਗੂ ਨੇ ਤਾਂ ਸਮੁੱਚੀਆਂ ਘੱਟ ਗਿਣਤੀਆਂ ਲਈ ਅਜਿਹੇ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਵਿੱਚ ਇਸਾਈ, ਸਿੱਖ, ਬੋਧੀ, ਜੈਨੀ, ਮੁਸਲਮਾਨ ਆਦਿ ਸ਼ਾਮਲ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਮੈਂਬਰ ਪਾਰਲੀਮੈਂਟ ਵੱਲੋਂ ਵਰਤੇ ਇਹਨਾਂ ਸ਼ਬਦਾਂ ਵਿੱਚੋਂ ਨਫ਼ਰਤੀ ਬੋਅ ਆਉਂਦੀ ਹੈ। ਸੂਬਾ ਸਕੱਤਰ ਨੇ ਕਿਹਾ ਕਿ ਜੇਕਰ ਭਾਜਪਾ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਪ੍ਰਤੀ ਵਿਸ਼ਵਾਸ਼ ਰੱਖਦੀ ਹੈ ਤਾਂ ਗਿਰੀਰਾਜ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਉਸਦੀ ਲੋਕ ਸਭਾ ਮੈਂਬਰੀ ਖਾਰਜ ਕਰ ਦੇਣੀ ਚਾਹੀਦੀ ਹੈ। ਕਾਮਰੇਡ ਸੇਖੋਂ ਨੇ ਘੱਟ ਗਿਣਤੀਆਂ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਉਹ ਭਾਜਪਾ ਦੀ ਸੋਚ ਅਤੇ ਨੀਤੀਆਂ ਪ੍ਰਤੀ ਚਰਚਾ ਕਰਕੇ ਕੋਈ ਠੋਸ ਪ੍ਰੋਗਰਾਮ ਉਲੀਕਣ ਅਤੇ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਦੀ ਰਾਖੀ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ।





























