
ਜਲੰਧਰ, ਐਚ ਐਸ ਚਾਵਲਾ। ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜਪ੍ਰਣਾਲੀ ਅਤੇ ਕਾਨੂੰਨ ਸੰਬੰਧੀ ਜਾਣਕਾਰੀ ਦੇਣ ਲਈ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਦਫ਼ਤਰ ਪੁਲਿਸ ਕਮਿਸ਼ਨਰ ਵਿਖੇ ਅੱਜ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਅਗਵਾਈ ਏ.ਸੀ.ਪੀ. ਹੈੱਡਕੁਆਟਰ ਸ਼੍ਰੀ ਮਨਮੋਹਨ ਸਿੰਘ ਅਤੇ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਵਲੋਂ ਕੀਤੀ ਗਈ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥਿਆਂ ਨੇ ਹਿੱਸਾ ਲਿਆ।

ਇਸ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਦੇ ਕੰਮਕਾਜ, ਟ੍ਰੈਫ਼ਿਕ ਨਿਯਮਾਂ, ਸਾਈਬਰ ਸੁਰੱਖਿਆ ਅਤੇ ਅਹਿਮ ਹੈਲਪਲਾਈਨਾਂ ਜਿਵੇਂ 112, 1091 ਅਤੇ 1930 ਬਾਰੇ ਜਾਣਕਾਰੀ ਦਿੱਤੀ ਗਈ। ਖਾਸ ਤੌਰ ‘ਤੇ “ਸਾਂਝ ਕੇਂਦਰਾਂ” ਦੀ ਭੂਮਿਕਾ ਉਜਾਗਰ ਕਰਦਿਆਂ ਵਿਦਿਆਰਥੀਆਂ ਨੂੰ ਉਹਨਾਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ ਜੋ ਲੋਕਾਂ ਨੂੰ ਇਨ੍ਹਾਂ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਿਵੇਂ ਪਾਸਪੋਰਟ ਤਸਦੀਕ, ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ.ਸੀ.ਸੀ.), ਕਿਰਾਏਦਾਰਾਂ ਦੀ ਤਸਦੀਕ ਅਤੇ ਇਹਨਾਂ ਸੇਵਾਵਾਂ ਲਈ ਨਿਰਧਾਰਤ ਕਾਨੂੰਨੀ ਫੀਸ ਬਾਰੇ ਜਾਣੂ ਕਰਵਾਇਆ ਗਿਆ। ਸਮਾਗਮ ਦੌਰਾਨ ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਹਨਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਤੋਂ ਬਾਅਦ ਵਿਦਿਆਰਥੀਆਂ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ, ਜਿਵੇਂ ਆਰ.ਟੀ.ਆਈ. ਬ੍ਰਾਂਚ, ਪੀ.ਸੀ. ਬ੍ਰਾਂਚ, ਐਫ.ਆਰ.ਓ ਬ੍ਰਾਂਚ ਅਤੇ ਲਿਟੀਗੇਸ਼ਨ ਬ੍ਰਾਂਚ ਆਦਿ ਦਾ ਵੀ ਦੌਰਾ ਕਰਵਾਇਆ ਗਿਆ।
_*”ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਆਗਾਮੀ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਜਾਰੀ ਰਹਿਣਗੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕਾਨੂੰਨ ਪ੍ਰਤੀ ਹੋਰ ਸਚੇਤ ਤੇ ਜ਼ਿੰਮੇਵਾਰ ਨਾਗਰਿਕ ਬਣਿਆ ਜਾ ਸਕੇ।”*_





























