
ਸੀਨੀਅਰ ਅਤੇ ਯੂਥ ਆਗੂਆਂ ਸਹਿਤ ਵਰਕਰਾਂ ਨੇ ਕੀਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ, ਉਨ੍ਹਾਂ ਵਲੋਂ ਪੰਜਾਬ ‘ਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਕੀਤਾ ਯਾਦ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਵਲੋਂ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਫਰਾਂਸ ਵਿਖ਼ੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਦੂਸਰੀ ਬਰਸੀ ਮਨਾਈ ਗਈ। ਇਸ ਸਬੰਧ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਪੂੰਰਨ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਸਾਹਿਬਾਨਾਂ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਇਸ ਮੌਕੇ ਜਿਥੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸੀਨੀਅਰ ਅਤੇ ਯੂਥ ਆਗੂਆਂ ਸਹਿਤ ਵਰਕਰਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਥੇ ਉਨ੍ਹਾਂ ਸਵਰਗਵਾਸੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ‘ਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਵੀ ਯਾਦ ਕੀਤਾ।
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਪੰਜਾਬ ਦਾ ਵਿਕਾਸ ਹੋਇਆ ਹੈ ਤਾਂ ਉਹ ਕੇਵਲ ਤੇ ਕੇਵਲ ਸਵਰਗਵਾਸੀ ਸ. ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ, ਵਰਨਾ ਮੌਕੇ ਦੀ ਆਪ ਸਰਕਾਰ ਜਾਂ ਇਸਤੋਂ ਪਹਿਲਾਂ ਪੰਜਾਬ ਤੇ ਕਾਬਜ ਰਹਿ ਚੁੱਕੀ ਕਾਂਗਰਸ ਨੇ ਆਪਸੀ ਖਿਚੋਤਾਣ ਦੇ ਸਿਵਾਏ ਪੰਜਾਬ ਦਾ ਕੁੱਝ ਨਹੀਂ ਸੀ ਸਵਾਰਿਆ, ਜਿਸ ਕਰਕੇ ਪੰਜਾਬ ਵਾਸੀ ਹੁਣ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਅਤੇ ਯੂਥ ਵਿੰਗ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਅਟਵਾਲ ਨੇ ਜਿੱਥੇ ਸਵਰਗਵਾਸੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਦੂਸਰੀ ਬਰਸੀ ਦੇ ਮੌਕੇ ਸ਼ਰਧਾ ਦੇ ਫੁਲ ਭੇਂਟ ਕੀਤੇ, ਉੱਥੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਬਾਦਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।





























