ਲੁਧਿਆਣਾ ਪੁਲਿਸ ਨੇ 200 ਅਤੇ 100 ਰੁਪਏ ਦੇ ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 5 ਲੱਖ ਦੀ ਨਕਲੀ ਕਰੰਸੀ ਸਮੇਤ 2 ਵਿਅਕਤੀ ਗ੍ਰਿਫਤਾਰ

ਲੁਧਿਆਣਾ, (PRIME INDIAN NEWS) :- ਲੁਧਿਆਣਾ ਪੁਲਿਸ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਕੇ 200 ਅਤੇ 100 ਰੁਪਏ ਦੇ ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਲੱਖ ਦੀ ਨਕਲੀ ਕਰੰਸੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਕੜੇ ਗਏ ਦੋਸ਼ੀਆਂ ਦੀ ਪਹਿਚਾਣ ਸੋਹਣ ਸਿੰਘ ਸੋਨੀ ਵਾਸੀ ਅਗਵਾੜ ਲੁਦਾਈ ਜਗਰਾਓਂ ਅਤੇ ਮਨਦੀਪ ਸਿੰਘ ਮਨੂੰ ਵਾਸੀ ਰਾਏਕੋਟ ਰੋਡ ਅਗਵਾੜ ਗੁੱਜਰਾਂ ਜਗਰਾਓਂ ਦੇ ਤੌਰ ਤੇ ਹੋਈ ਹੈ ਜਦਕਿ ਇਨ੍ਹਾਂ ਦਾ ਤੀਜਾ ਸਾਥੀ ਬਖਤੌਰ ਸਿੰਘ ਵਾਸੀ ਪਿੰਡ ਲੁਹਾਰਾ, ਮੋਗਾ ਫਰਾਰ ਚੱਲ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ACP ਮਨਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਓਰੀਐਂਟ ਸਿਨੇਮਾ ਭਾਈ ਰਣਧੀਰ ਸਿੰਘ ਨਗਰ ਤੋਂ ਇੱਕ ਆਈ-20 ਕਾਰ ਵਿੱਚ ਆ ਰਹੇ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕਾਰ ਵਿੱਚੋਂ 200-200 ਰੁਪਏ ਦੇ ਨੋਟਾਂ ਦੇ 16 ਬੰਡਲ ਹਰੇਕ ਵਿੱਚ 100 ਨੋਟ ਤੇ 100-100 ਰੁਪਏ ਦੇ ਨੋਟਾਂ ਦੇ 19 ਬੰਡਲ ਹਰੇਕ ਵਿੱਚ 100 ਨੋਟ ਬਰਾਮਦ ਕੀਤੇ ਗਏ ਹਨ ਜੋਕਿ ਕੁੱਲ 5 ਲੱਖ 10 ਹਜ਼ਾਰ ਰੁਪਏ ਹਨ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਨਕਲੀ ਨੋਟ ਤਿਆਰ ਕਰਨ ਦਾ ਨਾਜਾਇਜ਼ ਧੰਦਾ ਕਰਦੇ ਹਨ ਤੇ ਭੋਲੇ ਭਾਲੇ ਲੋਕਾਂ ਤੋਂ ਅਸਲੀ ਕਰੰਸੀ ਲੈ ਕੇ ਦੁਗੱਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਹਨ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਫਰਾਰ ਚੱਲ ਰਹੇ ਇਨ੍ਹਾਂ ਦੇ ਸਾਥੀ ਦੀ ਵੀ ਭਾਲ ਕੀਤੀ ਜਾ ਰਹੀ ਹੈ।





























