
ਜਲੰਧਰ, ਐਚ ਐਸ ਚਾਵਲਾ। ਜਲੰਧਰ ਜ਼ਿਲ੍ਹੇ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ 2 ਪੰਜਾਬ NCC ਬਟਾਲੀਅਨ ਦੇ 35 ਸੀਨੀਅਰ ਡਿਵੀਜ਼ਨ ਕੈਡਿਟਾਂ ਦੀ ਟੁਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। NCC ਟੁਕੜੀ ਦੀ ਕਮਾਨ ਦੋਆਬਾ ਕਾਲਜ ਦੇ ਕੈਡਿਟ ਅੰਡਰ ਅਫ਼ਸਰ ਕਾਰਗਿਲਦੀਪ ਮੰਡਲ ਨੇ ਸੰਭਾਲੀ। ਪਰੇਡ ਵਿੱਚ ਹਿੱਸਾ ਲੈਣ ਵਾਲੇ ਸਾਰੇ ਸੀਨੀਅਰ ਡਿਵੀਜ਼ਨ ਕੈਡਿਟਾਂ ਨੂੰ NCC ਟਰੈਕਸੂਟ ਅਤੇ ਕਮਾਂਡਿੰਗ ਅਫ਼ਸਰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਅਤੇ ਸੂਬੇਦਾਰ ਮੇਜਰ ਗੁਲਜ਼ਾਰ ਸਿੰਘ ਨੇ ਬਟਾਲੀਅਨ ਹੈਡਕੁਆਰਟਰ ਵਿਖੇ ਸਾਰੇ ਕੈਡਿਟਾਂ ਨੂੰ ਟ੍ਰੈਕ ਸੂਟ ਅਤੇ ਸਰਟੀਫਿਕੇਟ ਵੰਡੇ।

ਕਰਨਲ ਜੋਸ਼ੀ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਸਾਰੇ ਫੌਜੀ ਅਤੇ ਵਿਦਿਆਰਥੀਆਂ ਦੀਆਂ ਟੁਕੜੀਆਂ ਤੋਂ ਸਟੇਜ ਤੋਂ ਸਲਾਮੀ ਲਈ। ਸ਼੍ਰੀ ਹਿਮਾਂਸ਼ੂ ਅਗਰਵਾਲ ਆਈ ਏ ਐਸ, ਡਿਪਟੀ ਕਮਿਸ਼ਨਰ ਸਟੇਜ ‘ਤੇ ਮੌਜੂਦ ਸਨ। NCC ਟੁਕੜੀ ਵਿੱਚ 7 ਕਾਲਜਾਂ ਅਤੇ ਇੱਕ ਸਕੂਲ ਦੇ ਕੈਡਿਟ ਸ਼ਾਮਲ ਸਨ। ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ 20 ਦਿਨਾਂ ਤੋਂ ਲਗਾਤਾਰ ਸਿਖਲਾਈ ਦਿੱਤੀ ਜਾ ਰਹੀ ਸੀ। ਮੁੱਖ ਮਹਿਮਾਨ ਵੱਲੋਂ ਹਰੇਕ ਕੈਡਿਟ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟਰਾਫੀਆਂ ਅਤੇ ਸਰਟੀਫਿਕੇਟ ਭੇਟ ਕੀਤੇ ਗਏ।

ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਨੇ ਕਿਹਾ ਕਿ ਸੂਬੇਦਾਰ ਚੰਦਰਭਾਨ ਅਤੇ CHM ਗੁਰੂਚਰਨ ਸਿੰਘ ਦੁਆਰਾ ਨੌਜਵਾਨ ਅਤੇ ਉਤਸ਼ਾਹੀ ਕੈਡਿਟਾਂ ਨੂੰ ਡ੍ਰਿਲ ਲਈ ਤਿਆਰ ਕੀਤਾ ਗਿਆ ਸੀ। ਕਰਨਲ ਜੋਸ਼ੀ ਨੇ ਕਿਹਾ ਕਿ ਹਰ ਸਾਲ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ‘ਤੇ NCC ਦੀਆਂ ਦੋ ਟੁਕੜੀਆਂ ਡ੍ਰਿਲ ਪਰੇਡ ਵਿੱਚ ਹਿੱਸਾ ਲੈਂਦੀਆਂ ਹਨ ਜਿਸ ਵਿੱਚ ਗਰਲਜ਼ ਬਟਾਲੀਅਨ ਅਤੇ 2 ਪੰਜਾਬ NCC ਬਟਾਲੀਅਨ ਦੇ ਕੈਡਿਟ ਸ਼ਾਮਿਲ ਹੁੰਦੇ ਹਨ।





























