
ਕਿਹਾ – ਦਿਨੋਂ ਦਿਨ ਬਦ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈ ਲਾਅ ਐਂਡ ਆਰਡਰ ਦੀ ਸਥਿਤੀ , ਪੰਜਾਬ “ਚ ਸਰਕਾਰ ਨਾਮ ਦੀ ਕੋਈ ਚੀਜ ਨਹੀਂ
ਪੈਰਿਸ /ਇਟਲੀ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਅਤੇ ਯੂਥ ਅਕਾਲੀ ਦਲ ਦੇ ਨੇਤਾਵਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕੀ ਪੰਜਾਬ “ਚ ਸਰਕਾਰ ਨਾਮ ਦੀ ਕੋਈ ਚੀਜ ਨਹੀਂ ਹੈ, ਜਗਾਹ ਜਗਾਹ ਨਸ਼ਾ ਤਸਕਰ ਅਤੇ ਗੈਂਗਸਟਰ ਖੁੱਲੇਆਮ ਘੁੰਮ ਰਹੇ ਹਨ। ਪੰਜਾਬ ‘ਚ ਲਾਅ ਐਂਡ ਆਰਡਰ ਦੀ ਸਥਿਤੀ ਦਿਨੋਂ ਦਿਨ ਬਦ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈ। ਨਸ਼ਾ ਤਸਕਰਾਂ ਵੱਲੋਂ ਦਿਨ ਦਿਹਾੜੇ, ਚੁਣੇ ਹੋਏ ਸਰਪੰਚ ਦਾ ਕਤਲ ਕਰ ਦੇਣਾ ਅਤੇ ਸ਼ਰੇਆਮ ਨਸ਼ਿਆਂ ਦਾ ਵਪਾਰ ਕਰਨਾ, ਮਾਨ ਸਰਕਾਰ ਦੀ ਨਾਕਾਮੀ ਹੀ ਕਿਹਾ ਜਾ ਸਕਦਾ ਹੈ।
ਗੈਂਗਸਟਰਾਂ ਦੀ ਜੇਲ੍ਹਾਂ ਦੇ ਅੰਦਰੋਂ ਇੰਟਰਵਿਊ ਹੋਣੀ, ਭਗਵੰਤ ਮਾਨ ਵਾਸਤੇ ਸ਼ਰਮਨਾਕ ਅਤੇ ਲਾਚਾਰੀ ਹੀਂ ਦਰਸਾਉਂਦੀ ਹੈ। ਪੰਜਾਬ ਪੁਲਿਸ, ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਵਚਨਬੱਧ ਹੈ, ਦੇ ਥਾਣਿਆਂ ਉੱਪਰ ਹੀ ਹਮਲੇ ਹੋ ਜਾਣਾ, ਸਮਝ ਤੋਂ ਬਾਹਰ ਦੀ ਗੱਲ ਹੈ।
ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਕ੍ਰਮਵਾਰ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਖਵਿੰਦਰ ਸਿੰਘ ਡੋਗਰਾਂਵਾਲ, ਗੁਰਚਰਨ ਸਿੰਘ ਭੁੰਗਰਨੀ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਯੂਥ ਅਕਾਲੀ ਨੇਤਾ ਜਸਪ੍ਰੀਤ ਸਿੰਘ ਅਟਵਾਲ, ਸੁਰਜੀਤ ਸਿੰਘ ਮਾਣਾ ਅਤੇ ਸੁਖਜਿੰਦਰ ਸਿੰਘ ਕਾਲੜੂ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਦੀ ਨਾਜ਼ੁਕ ਹਾਲਤ ਨੂੰ ਸਮਝਦੇ ਹੋਏ, ਭਗਵੰਤ ਮਾਨ ਨੂੰ ਆਪਣੇ ਆਪ ਹੀ ਸਰਕਾਰ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ, ਵਰਨਾ ਪੰਜਾਬ ਦੇ ਲੋਕ ਹੋਰ ਧੱਕੇ ਸ਼ਾਹੀ ਬਰਦਾਸ਼ਤ ਨਹੀਂ ਕਰਨਗੇ।





























