
ਪੈਰਿਸ, (PRIME INDIAN NEWS) :- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ 18ਵਾਂ ਕਬੱਡੀ ਟੂਰਨਾਮੈਂਟ 25 ਅਗਸਤ ਨੂੰ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਬੰਧਕਾਂ ਹਰਿੰਦਰਪਾਲ ਸਿੰਘ ਸੇਠੀ, ਇਕਬਾਲ ਸਿੰਘ ਭੱਟੀ, ਗੁਰਿੰਦਰਪਾਲ ਸਿੰਘ ਗਿੰਦਾ, ਦਲਜੀਤ ਸਿੰਘ ਰੇਡਰ, ਮਨਜੀਤ ਸਿੰਘ ਮਾਨ ਕੋਚ, ਮਨਿੰਦਰ ਸਿੰਘ ਟਿੰਕਾ, ਮਨੀ ਮੁਲਤਾਨੀ ਆਦਿ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਰਤ ਤੋਂ ਆਏ ਨਾਮਵਰ ਖਿਡਾਰੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਸ ਟੂਰਨਾਮੈਂਟ ਵਿੱਚ ਹੋਲੈਂਡ, ਜਰਮਨੀ, ਇਟਲੀ, ਬੈਲਜੀਅਮ ਅਤੇ ਫਰਾਂਸ ਦੀਆਂ 8 ਟੀਮਾਂ ਭਾਗ ਲੈ ਰਹੀਆਂ ਹਨ। ਇਸ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ Winner Trophy ਅਤੇ 3100 ਯੂਰੋ ਇਨਾਮ ਨਗਦ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ Runner-up Trophy ਅਤੇ 2500 ਯੂਰੋ ਨਗਦ ਇਨਾਮ ਦੇ ਕੇ ਨਿਵਾਜਿਆ ਜਾਵੇਗਾ। ਦੂਸਰੇ ਸਥਾਨ ਦਾ ਇਹ ਇਨਾਮ ਪਿੰਡ ਕਰਨੈਲਗਜ ਜਿਲ੍ਹਾ ਕਪੂਰਥਲਾ ਦੇ ਉਨ੍ਹਾਂ ਨੌਜੁਆਨਾਂ ਵੱਲੋਂ ਹਰਿੰਦਰ ਸਿੰਘ ਸੋਨੂੰ ਅਤੇ ਸਾਹਿਬ ਸਿੰਘ ਬਾਦਲ ਦੀ ਅਗਵਾਈ ਹੇਠ ਦਿੱਤਾ ਜਾਵੇਗਾ ਜੋ ਕਿ ਫਰਾਂਸ ਵਿਖੇ ਰਹਿੰਦੇ ਹਨ।





























