
ਪੈਰਿਸ, (PRIME INDIAN NEWS) :- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 40 ਸੀਟਾਂ ਤੇ ਕਰਵਾਈਆਂ ਗਈਆਂ ਚੋਣਾਂ ਦੇ ਨਤੀਜੇ ਆ ਗਏ ਹਨ। ਹਰਿਆਣਾ ਸਰਕਾਰ ਵੱਲੋਂ ਪਾਈਆਂ ਗਈਆਂ ਕਾਨੂੰਨੀ ਅੜਿਚਣਾ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ 40 ਵਿੱਚੋਂ 18 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਕੀਤਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਚੋਣਾਂ ਵਿੱਚ ਸਭ ਤੋਂ ਹਾਟ ਸੀਟ ਕਾਲਾਂਵਾਲੀ ਸੀਟ ਸੀ ਜਿਥੋਂ ਬਾਬਾ ਬਲਜੀਤ ਸਿੰਘ ਦਾਦੂਵਲ ਉਮੀਦਵਾਰ ਸਨ। ਇਥੋਂ ਦੇ ਇੱਕ ਅਜਾਦ ਉਮੀਦਵਾਰ ਐਡਵੋਕੇਟ ਬਿੰਦਰ ਸਿੰਘ ਖ਼ਾਲਸਾ ਨੇ ਹੀ ਬਾਬਾ ਬਲਜੀਤ ਸਿੰਘ ਨੂੰ 1771 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇਹ ਸੀਟ ਜਿੱਤ ਲਈ ਹੈ। ਉਧਰ ਦੂਸਰੇ ਪਾਸੇ ਝੀਂਡਾ ਗਰੂਪ ਜਿਸ ਤੇ ਸਰਕਾਰ ਦਾ ਵੀ ਹੱਥ ਸੀ, ਉਹ ਵੱਡਾ ਧੜਾ ਬਣ ਕੇ ਉਭਰਿਆ ਹੈ, ਜਿਨ੍ਹਾਂ ਦੇ ਹਿੱਸੇ 19 ਦੇ ਕਰੀਬ ਸੀਟਾਂ ਆਈਆਂ ਹਨ। ਵੈਸੇ ਕੁੱਲ 49 ਸੀਟਾਂ ਹਨ, ਜਦਕਿ ਚੋਣ 40 ਸੀਟਾਂ ਤੇ ਕਰਵਾਈ ਗਈ ਹੈ। ਬਾਕੀ ਦੀਆਂ 9 ਸੀਟਾਂ ਚੁਣੇ ਹੋਏ ਮੈਂਬਰ ਅਤੇ ਸਰਕਾਰੀ ਧਿਰ ਵੱਲੋਂ ਨਾਮਜਦ ਕੀਤੇ ਜਾਣਗੇ।
ਸ. ਭੱਟੀ ਨੇ ਕਿਹਾ ਕਿ ਹੁਣ ਦੇਖਣਾ ਬਣਦਾ ਹੈ ਕਿ ਝੀਂਡਾ ਗਰੁੱਪ ਅਤੇ ਸ਼੍ਰੋਮਣੀ ਅਕਾਲੀ ਦਲ, ਜਿਸਨੂੰ ਕਾਨੂੰਨੀ ਦਾਅ ਪੇਚਾਂ ਦੀ ਮਾਰ ਸਹਿਣੀ ਪਈ ਹੈ, ਦੇ ਕੋਲ ਰਲਾ ਮਿਲਾ ਕੇ 18 ਮੈਂਬਰ ਹਨ, ਕੀ ਕਰਨਗੇ, ਜਾਂ ਫਿਰ ਕਿਸਦਾ ਪੱਲੜਾ ਭਾਰੀ ਰਹੇਗਾ, ਦੇਖਣਯੋਗ ਹੋਵੇਗਾ। ਸਾਰੇ ਆ ਗਏ ਨਤੀਜਿਆਂ ਮੁਤਾਬਿਕ ਦੋਹਾਂ ਹੀ ਧੜਿਆਂ ਨੂੰ ਰਲਵੀਂ ਮਿਲਵੀਂ ਜਿੱਤ ਨਸੀਬ ਹੋਈ ਹੈ।





























