ਹਰਜਾਪ ਸਿੰਘ ਸੰਘਾ ਨੇ ਜਲੰਧਰ ਛਾਉਣੀ ਦੇ ਸਿਵਲ ਏਰੀਏ ਵਿੱਚ ਪੈਂਦੇ ਸੁਪਰਸਟਰੱਕਚਰ ਦੀ ਰਜਿਸਟ੍ਰੇਸ਼ਨ ਖੋਲ੍ਹਣ ਲਈ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਜਲੰਧਰ ਛਾਉਣੀ, ਐਚ ਐਸ ਚਾਵਲਾ। ਆਕਲੀ ਆਗੂ ਅਤੇ ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਵੱਲੋਂ ਅੱਜ ਜਲੰਧਰ ਛਾਉਣੀ ਦੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਛਾਉਣੀ ਦੇ ਸਿਵਲ ਏਰੀਏ ਵਿੱਚ ਪੈਂਦੇ ਸੁਪਰਸਟਰੱਕਚਰ ਦੀ ਰਜਿਸਟ੍ਰੇਸ਼ਨ ਜੋ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਹੈ, ਨੂੰ ਖੋਲ੍ਹਣ ਲਈ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਾਪ ਸਿੰਘ ਸੰਘਾ ਨੇ ਦੱਸਿਆ ਕਿ ਏ ਡੀ ਸੀ (ਡਾ) ਮੇਜਰ ਅਮਿਤ ਮਹਾਜਨ ਸਾਹਿਬ ਨੇ ਡਿਪਟੀ ਕਮਿਸ਼ਨਰ ਦੀ ਤਰਫੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਾਡੀ ਦਲੀਲ ਸੁਣੀ ਅਤੇ ਸਾਨੂੰ ਛਾਉਣੀ ਦੇ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਦਾ ਸਥਿਰ ਅਤੇ ਲੰਬੇ ਸਮੇਂ ਲਈ ਹੱਲ ਲੱਭਣ ਦਾ ਵਾਅਦਾ ਕੀਤਾ। ਸੁਪਰ ਸਟਰਕਚਰ ਰਜਿਸਟ੍ਰੇਸ਼ਨ ਜੋ ਕਿ 2017 ਵਿੱਚ ਰੋਕ ਦਿੱਤੀ ਗਈ ਸੀ, ਨੇ ਲਗਭਗ 4500 ਢਾਂਚਿਆਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਸਿਵਲ/ਬਾਜ਼ਾਰ ਖੇਤਰ ਵਿੱਚ ਹਨ। ਇਸ ਨਾਲ ਨਾ ਸਿਰਫ਼ ਆਮ ਨਾਗਰਿਕ ਸਗੋਂ ਸਰਕਾਰੀ ਖਜ਼ਾਨੇ ‘ਤੇ ਵੀ ਅਸਰ ਪਿਆ ਹੈ ਕਿਉਂਕਿ ਜਾਇਦਾਦ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ ਹੈ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਸਾਲਾਂ ਦੌਰਾਨ ਟੈਕਸਾਂ ਦੇ ਰੂਪ ‘ਚ ਕਰੋੜਾਂ ਦਾ ਘਾਟਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਮੁੱਦਾ ਭਾਵੇਂ ਪਹਿਲਾਂ ਵੀ ਕਈ ਵਾਰ ਉਠਾਇਆ ਗਿਆ ਸੀ, ਪਰ ਅਜੇ ਤੱਕ ਇਸ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਹੈ। ਛਾਉਣੀ ਬੋਰਡ ਵਿੱਚ ਲਾਲ ਟੇਪ, ਅੰਤਰ ਵਿਭਾਗੀ ਰੰਜਿਸ਼ ਅਤੇ ਭ੍ਰਿਸ਼ਟਾਚਾਰ ਇਸ ਮੁੱਦੇ ਦੇ ਸੰਭਾਵਿਤ ਕਾਰਨ ਹਨ। ਇਸ ਮੌਕੇ ਗੁਰਚਰਨ ਸਿੰਘ ਚੰਨੀ (ਸਾਬਕਾ ਪ੍ਰਧਾਨ ਜਲੰਧਰ), ਤਿਲਕ ਰਾਜ ਸ਼ਰਮਾ, ਸੁਰੇਸ਼ ਕੁਮਾਰ ਦੁੱਗਲ, ਓਮ ਪ੍ਰਕਾਸ਼ ਸ਼ਰਮਾ, ਸ਼ੁਭਾਸ਼ ਚੰਦਰ ਅਰੋੜਾ, ਸੁਭਾਸ਼ ਥਾਪਰ, ਗੁਰਪ੍ਰੀਤ ਸਿੰਘ ਲਾਂਬਾ, ਰੌਬਿਨ ਕਨੌਜੀਆ, ਮਨਜੀਤ ਸਿੰਘ , ਹਿਤੇਸ਼ , ਨਿਹਾਲ, ਅਸ਼ੋਕ ਨਾਹਰ , ਮੋਹਨ ਸਿੰਘ, ਅੰਮ੍ਰਿਤ ਬੀਰ ਸਿੰਘ ਆਦਿ ਹਾਜ਼ਰ ਸਨ।





























