
ਸਿੱਖ ਰਿਵਾਇਤਾਂ ਅਨੁਸਾਰ ਧਾਰਮਿਕ ਸਜ਼ਾ ਪੂਰੀ ਕਰ ਲੈਣ ਉਪਰੰਤ ਸਬੰਧਿਤ ਵਿਅਕਤੀ ਦਾ ਰੁਤਬਾ ਪਹਿਲਾਂ ਵਾਂਗ ਹੀ ਕਾਇਮ ਰਹਿੰਦਾ ਹੈ, ਨਾ ਕਿ ਸਿਆਸਤ ਅਤੇ ਧਰਮ ਤੋਂ ਛੁੱਟੀ – ਭੁੰਗਰਨੀ/ਡੋਗਰਾਂ ਵਾਲ/ਫ਼ਤਿਹਗੜ/ ਬੋਦਲ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂੰਹ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਿੱਖ ਪੰਥ ਭਲੀ ਪ੍ਰਕਾਰ ਜਾਣੂ ਹੈ ਕਿ ਸ. ਸੁਖਬੀਰ ਸਿੰਘ ਜੀ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਹੋਇਆ ਹੈ, ਦੇ ਬਾਵਜੂਦ ਵਿਰੋਧੀ ਧਿਰ ਵਾਲੇ ਇਤਨੇ ਕਾਹਲੇ ਕਿਉਂ ਹਨ। ਗੱਲ ਇਸ ਤਰਾਂ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਿੱਖ ਰਵਾਇਤ ਅਨੁਸਾਰ ਸ. ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਵਿਚ ਕੁੱਝ ਦੇਰੀ ਹੋ ਰਹੀ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਨੂੰ ਛੱਡ ਚੁੱਕੇ ਕੁੱਝ ਨੇਤਾ ਵਾਵੇਲਾ ਖੜਾ ਕਰ ਰਹੇ ਹਨ, ਇਸ ਦਾ ਜੁਆਬ ਦੇਣ ਵਾਸਤੇ ਦਿਲੀ ਤੋਂ ਸ. ਪਰਮਜੀਤ ਸਿੰਘ ਸਰਨਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵੀ ਆਖਿਆ ਹੈ ਕਿ ਸਿੱਖ ਕੌਮ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਬਾਰੇ ਕਿਸੇ ਨੂੰ ਵੀ ਕੋਈ ਸ਼ੱਕ ਜਾਂ ਸ਼ੰਕਾ ਨਹੀਂ ਹੋਣੀ ਚਾਹੀਦੀ । ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਰਵ ਉੱਚ ਅਸਥਾਨ ਸੀ, ਹੈ ਅਤੇ ਰਹਿੰਦੀ ਦੁਨੀਆਂ ਤੱਕ ਰਹੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਪਣਾ ਵਿਧੀ ਵਿਧਾਨ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਵਿਸ਼ੇਸ਼ ਦਖਲਅੰਦਾਜ਼ੀ ਨਹੀਂ ਕਰ ਸੱਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਧਾਰਮਿਕ ਜਾਂ ਰਾਜਨੀਤਿਕ ਗਲਤੀ ਕਰਨ ਵਾਲੇ ਸਿੱਖ ਨੂੰ ਜੋ ਸਜ਼ਾ ਸੁਣਾਈ ਜਾਂਦੀ ਹੈ ਉਸਦਾ ਮਕਸਦ, ਗਲਤੀ ਕਰਨ ਵਾਲੇ ਸ਼ਖਸ਼ ਦੇ ਹਿਰਦੇ ਨੂੰ ਸਾਫ ਕਰਕੇ, ਗੁਰੂ ਦੇ ਦਰ ਨਾਲ, ਮੁੜ ਤੋਂ ਦੁਬਾਰਾ ਜੋੜਨਾ ਹੁੰਦਾ ਹੈ ਨਾ ਕਿ ਕਿਸੇ ਸਿਆਸੀ ਜਾਂ ਹੋਰ ਮਸਲੇ ਕਰਕੇ ਉਸਨੂੰ ਖੁੱਡੇ ਲਾਇਨ ਲਾਉਣਾ ।
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ, ਸੁਰਜੀਤ ਸਿੰਘ ਮਾਣਾ, ਸਾਹਿਬ ਸਿੰਘ ਕਰਨੈਲਗੰਜ ਅਤੇ ਹਰਿੰਦਰ ਸਿੰਘ ਉਰਫ ਸੋਨੂੰ ਆਦਿ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਗਾਈ ਜਾਂਦੀ ਕੋਈ ਵੀ ਸਜ਼ਾ ਗੁਰੂ ਨਾਲ ਟੁੱਟੀ ਗੰਢਣ ਦਾ ਜ਼ਰੀਆ ਹੈ, ਲੇਕਿਨ ਕੁੱਝ ਸ਼ਰਾਰਤੀ ਅਨਸਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਨੂੰ, ਹਉਮੈ ਰੱਖਣ ਵਾਲੇ, ਕੁੱਝ ਲੋਕ, ਪਾਰਟੀ ਤੇ ਦਬਾਅ ਬਣਾਉਣ ਲਈ, ਸ. ਸੁਖਬੀਰ ਸਿੰਘ ਬਾਦਲ ਦਾ ਸਿਆਸੀ ਬਾਈਕਾਟ ਜਾਂ ਪੂਰੀ ਤਰ੍ਹਾਂ ਸਿਆਸਤ ਤੋਂ ਲਾਂਭੇ ਕਰਨ ਦੇ ਬਿਆਨ ਦੇ ਰਹੇ ਹਨ, ਜੋ ਕਿ ਸਿੱਖ ਰਵਾਇਤਾਂ ਦੇ ਉਲਟ ਹੈ। ਵੈਸੇ ਵੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਹੋਏ ਪੇਸ਼ ਕੀਤਾ ਸੀ। ਇਸ ਕਰਕੇ ਹੁਣ ਤਾਂ ਪੰਥ ਦੀ ਰਵਾਇਤ ਅਨੁਸਾਰ ਹੀ ਪੰਜ ਸਿੰਘ ਸਾਹਿਬਾਨ ਸਜ਼ਾ ਸੁਣਾਉਣਗੇ, ਕਿਸੇ ਦੇ ਕਹਿਣ ਤੇ ਨਹੀਂ, ਇਸ ਕਰਕੇ ਵਿਰੋਧੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਡੀਕ ਕਰਨੀ ਚਾਹੀਦੀ ਹੈ , ਨਾ ਕਿ ਕੋਈ ਟੀਕਾ ਟਿਪਣੀ |
ਧਾਰਮਿਕ ਰਿਵਾਇਤਾਂ ਅਨੁਸਾਰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਕਿਸੇ ਵੀ ਸਿੱਖ ਉੱਪਰ ਲਗਾਈ ਗਈ ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੂੰ ਗੁਰੂ ਰੂਪ ਖ਼ਾਲਸਾ ਸੰਗਤ ਵਿਚ ਮੁੜ ਬੈਠਣ ਦਾ ਪੂਰਾ ਪੂਰ ਹੱਕ ਪ੍ਰਾਪਤ ਹੁੰਦਾ ਹੈ। ਸਿਆਸੀ ਕਿੜ ਕੱਢਣ ਵਾਸਤੇ, ਕੋਈ ਵੀ ਇਹ ਹੱਕ ਖੋਹਣ ਦੀ ਗੱਲ ਨਹੀਂ ਕਰ ਸੱਕਦਾ, ਕਿਉਂਕਿ ਇਹ ਸਿੱਖ ਪੰਥ ਦੀ ਰਵਾਇਤ ਦੇ ਉਲਟ ਜਾਣ ਦੇ ਬਰਾਬਰ ਹੈ। ਇਸ ਲਈ ਅਸੀਂ ਸਾਰੇ ਜਣੇ ਬੇਨਤੀ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਬਣਾਈ ਰੱਖਣ ਵਾਸਤੇ, ਇਹੋ ਜਿਹੇ ਕੋਝੇ ਬਿਆਨ ਨਾ ਦਿੱਤੇ ਜਾਣ।





























