
PRIME INDIAN NEWS
ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ “ਭਾਰਤ ਬੰਦ” ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ 100 ਤੋਂ ਵੱਧ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਆਵਾਜਾਈ ਠੱਪ ਕੀਤੀ ਗਈ। ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਵੀ ਦੁਕਾਨਾਂ ਸਵੇਰ ਤੋਂ ਹੀ ਬੰਦ ਰਹੀਆਂ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿੰਡਾਂ ਤੋਂ ਸ਼ਹਿਰਾਂ ਵਿੱਚ ਕੀਤੀ ਜਾਣ ਵਾਲੀ ਸਬਜ਼ੀਆਂ, ਫਲਾਂ ਅਤੇ ਹੋਰ ਸਾਰੀ ਸਪਲਾਈ ਨੂੰ ਵੀ ਰੋਕ ਦਿੱਤਾ ਗਿਆ।

ਇਸੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਕੁਝ ਥਾਵਾਂ ’ਤੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਦੇ ਸੈਕਟਰ-3 ਵਿੱਚ ਸਥਿਤ ਹਰਿਆਣਾ ਭਾਜਪਾ ਦੇ ਦਫਤਰ ਦਾ ਘਿਰਾਓ ਕੀਤਾ।
“ਭਾਰਤ ਬੰਦ” ਦੇ ਐਲਾਨ ਨੂੰ ਜਲੰਧਰ ਵਿਖੇ ਸਿੱਖ ਤਾਲਮੇਲ ਕਮੇਟੀ ਅਤੇ ਟੂ ਵੀਲਰ ਮਾਰਕੀਟ ਐਸੋਸੀਏਸ਼ਨ ਅਲੀ ਮੁਹੱਲਾ ਰੋਡ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ। ਜਿਸ ਦੇ ਤਹਿਤ ਨਿਰਧਾਰਿਤ ਟਾਈਮ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਦੋਨੋਂ ਸੰਸਥਾਵਾਂ ਦੇ ਮੈਂਬਰਾਂ ਨੇ ਆਪਣੇ ਵਪਾਰਿਕ ਅਦਾਰੇ ਬੰਦ ਰੱਖ ਕੇ ਇਸ ਵਿੱਚ ਆਪਣਾ ਭਰਪੂਰ ਸਹਿਯੋਗ ਦਿੱਤਾ। ਉਕਤ ਦੋਨਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਨੂੰ ਭਾਰਤ ਬੰਦ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਜਿਸਨੂੰ ਮੰਨਦੇ ਹੋਏ ਸ਼ਹਿਰ ਦੇ ਜਿਆਦਾਤਰ ਵਪਾਰਕ ਅਦਾਰਿਆਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਪੂਰਾ ਸਹਿਯੋਗ ਦਿੱਤਾ।
ਅੰਮ੍ਰਿਤਸਰ ‘ਚ ਵੀ ਕਿਸਾਨਾਂ ਦੇ “ਭਾਰਤ ਬੰਦ” ਦੇ ਸੱਦੇ ਨੂੰ ਪੂਰਾ ਸਮਰਥਨ ਮਿਲਿਆ, ਜਿਥੇ ਬੱਸ ਸਟੈਂਡ ’ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਹਿਆ, ਉਥੇ ਹਾਲ ਬਜ਼ਾਰ, ਹਾਥੀ ਗੇਟ, ਕਟੜਾ ਖਜ਼ਾਨਾ ਅਤੇ ਮੁੱਖ ਮਾਰਗਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ। ਆਟੋ ਚਾਲਕਾਂ ਨੇ ਵੀ ਬੰਦ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਅਤੇ ਬੱਸ ਸਟੈਂਡ ਦੇ ਬਾਹਰ ਧਰਨਾ ਦੇ ਕੇ ਸੜਕ ’ਤੇ ਆਟੋ ਰੋਕ ਦਿੱਤੇ। ਇਸ ਦੇ ਨਾਲ ਨਾਲ ਬੰਦ ਦਾ ਅਸਰ ਪੈਟਰੋਲ ਪੰਪਾਂ ‘ਤੇ ਵੀ ਦੇਖਣ ਨੂੰ ਮਿਲਿਆ, ਸ਼ਹਿਰ ਦੇ ਲਗਭਗ ਸਾਰੇ ਪੈਟਰੋਲ ਪੰਪ ਬੰਦ ਸਨ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਪੈਟਰੋਲ ਮਿਲਦਾ ਰਿਹਾ ਪਰ ਆਮ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਗੁਰਦਾਸਪੁਰ ‘ਚ ਵੀ ਕਿਸਾਨ ਜਥੇਬੰਦੀਆਂ ਨੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਬੱਬਰੀ ਬਾਈਪਾਸ ‘ਤੇ ਚਾਰੇ ਪਾਸਿਓਂ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ। ਆਂਗਣਵਾੜੀ ਵਰਕਰਾਂ ਨੇ ਵੀ “ਭਾਰਤ ਬੰਦ” ਦੇ ਹੱਕ ਵਿਚ ਰੈਲੀ ਕੱਢੀ।





























