
ਨਗਰ ਨਿਗਮ ਦੇ ਅਫਸਰਾਂ ਨਾਲ ਸਾਰੇ ਪਿੰਡ ਦੀਆਂ ਗਲੀਆਂ ਅਤੇ ਆਸਪਾਸ ਦੇ ਇਲਾਕੇ ਦਾ ਲਿਆ ਜਾਇਜ਼ਾ, ਪਿੰਡ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਕੀਤੀ ਹਦਾਇਤ
ਜਲੰਧਰ ਕੈਂਟ, ਐਚ ਐਸ ਚਾਵਲਾ। ਅੱਜ ਆਮ ਆਦਮੀ ਪਾਰਟੀ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਗਰ ਨਿਗਮ ਦੇ ਅਫਸਰਾਂ ਨੂੰ ਨਾਲ ਲੈ ਕੇ ਵਿਧਾਨਸਭਾ ਜਲੰਧਰ ਕੈਂਟ ਦੇ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਪਿੰਡ ਵਾਸੀਆਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਲਈ।


ਇਸ ਮੌਕੇ ਪਿੰਡ ਵਾਸੀ ਕੈਪਟਨ ਮਨਜੀਤ ਸਿੰਘ, ਸੂਬੇਦਾਰ ਮੇਜਰ ਰਜਿੰਦਰ ਸਿੰਘ, ਮਨਜੀਤ ਸਿੰਘ ਬਾਜਵਾ, ਸਾਬਕਾ ਸਰਪੰਚ ਫੂਲ ਚੰਦ, ਰਾਮ ਸਰੂਪ, ਲੰਬੜਦਾਰ ਮੰਗਤ ਰਾਮ, ਮਲਕੀਤ ਸਿੰਘ, ਜੀਤ ਰਾਮ , ਵਿਜੇ ਕੁਮਾਰ, ਬਚਨ ਕੌਰ, ਕ੍ਰਿਸ਼ਨ ਲਾਲ, ਪਰਵੀਨ, ਪਰਮਜੀਤ, ਮਨਜੀਤ ਕੌਰ, ਰਾਜਵਿੰਦਰ ਕੌਰ, ਪੂਜਾ, ਸਰਬਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਸਿੰਘ, ਗੁਰਮੇਲ ਸਿੰਘ, ਪ੍ਰਿਆ ਪਾਲ਼, ਮਹਿੰਦਰ ਪਾਲ, ਧਰਮਪਾਲ ਨੇ ਦੱਸਿਆ ਕਿ ਪਿੰਡ ਦੇ ਅੰਦਰਲੇ ਹਾਲਾਤ ਬਹੁਤ ਮਾੜੇ ਹਨ। ਪਿੰਡ ਦੀਆਂ ਗਲੀਆਂ ਅੰਦਰ ਸੀਵਰੇਜ਼ ਦਾ ਗੰਦਾ ਪਾਣੀ ਖੜਾ ਹੋਣ ਕਰਕੇ ਇਥੇ ਰਹਿ ਰਹੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਨਾਲ ਸ਼ੁਰੂ ਤੋਂ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜਿਸ ਕਰਕੇ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦੇ ਕਿਸੇ ਵੀ ਨੇਤਾ ਨੇ ਇਥੋਂ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ।



ਪਿੰਡ ਵਾਸੀਆਂ ਦੇ ਨਾਲ ਛੋਟੇ ਬੱਚੇ ਅਤੇ ਬੱਚੀਆਂ ਨੂੰ ਗੰਦਗੀ ਦੀ ਸਫਾਈ ਕਰਦੇ ਵੇਖ ਸ. ਸੋਢੀ ਖੁਦ ਭਾਵੁੱਕ ਹੋ ਗਏ ਅਤੇ ਉਨ੍ਹਾਂ ਨੇ ਨਗਰ ਨਿਗਮ ਦੇ ਅਫਸਰਾਂ ਨਾਲ ਸਾਰੇ ਪਿੰਡ ਦੀਆਂ ਗਲੀਆਂ ਅਤੇ ਆਸਪਾਸ ਦੇ ਇਲਾਕੇ ਦਾ ਜਾਇਜ਼ਾ ਲਿਆ। ਸੁਰਿੰਦਰ ਸਿੰਘ ਸੋਢੀ ਨੇ ਨਗਰ ਨਿਗਮ ਅਫਸਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਉਨ੍ਹਾਂ ਨੂੰ ਪਿੰਡ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਹਦਾਇਤ ਕੀਤੀ।


ਇਸ ਮੌਕੇ ਆਮ ਆਦਮੀ ਪਾਰਟੀ ਜਲੰਧਰ ਕੈਂਟ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆ ਕਿਹਾ ਕਿ ਇਸ ਪਿੰਡ ਦੇ ਵਾਸੀ ਜਿਹੜੇ ਹਾਲਾਤਾਂ ‘ਚ ਆਪਣੀ ਜਿੰਦਗੀ ਬਸ਼ਰ ਕਰ ਰਹੇ ਹਨ, ਉਸਨੂੰ ਦੇਖ ਕੇ ਉਹ ਖੁਦ ਹੈਰਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਹਰ ਸ਼ਹਿਰ, ਪਿੰਡ ਅਤੇ ਕਸਬੇ ਦਾ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਸ. ਸੋਢੀ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਦੇ ਸਹਿਯੋਗ ਨਾਲ ਪਹਿਲਾਂ JCB ਮਸ਼ੀਨ ਰਾਹੀਂ ਇਥੋਂ ਦੀ ਸੁਚਾਰੂ ਢੰਗ ਨਾਲ ਸਫ਼ਾਈ ਕਰਵਾਈ ਜਾਵੇਗੀ ਅਤੇ ਜਲਦ ਹੀ ਪਿੰਡ ਵਾਸੀਆਂ ਨੂੰ ਆ ਰਹੀ ਸੀਵਰੇਜ ਦੀ ਸਮੱਸਿਆ ਦਾ ਵੀ ਪੱਕੇ ਤੌਰ ਤੇ ਹੱਲ ਕਰ ਦਿੱਤਾ ਜਾਵੇਗਾ।





























