
ਸ. ਭੱਟੀ ਨੇ ਵੀ ਯੂਰਪ ਯੂਨਿਟ ਦੇ ਨੇਤਾਵਾਂ ਵਲੋਂ ਸ. ਬਾਦਲ ਨਾਲ ਕੀਤਾ ਵਾਅਦਾ ਕਿ ਉਹ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ
ਪੈਰਿਸ, (PRIME INDIAN NEWS) :- ਕੁਝ ਦਿਨਾਂ ਲਈ ਅਮਰੀਕਾ ਦੌਰੇ ਤੇ ਜਾਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਟੈਲੀਫੋਨ ਦੇ ਜਰੀਏ ਯੂਰਪ ਯੂਨਿਟ ਦੇ ਮੁੱਖੀ ਇਕਬਾਲ ਸਿੰਘ ਭੱਟੀ ਨਾਲ ਗੱਲਬਾਤ ਹੋਈ, ਜਿਸ ਦੌਰਾਨ ਸ. ਬਾਦਲ ਨੇ ਕਿਹਾ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ, ਪਾਰਟੀ ਤੁਹਾਡੇ ਨਾਲ ਖੜ੍ਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਭੱਟੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਇਸ ਵੇਲੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਵਿਛਾਏ ਗਏ ਝੂਠ ਦੇ ਜਾਲ ਵਿੱਚ ਫਸ ਕੇ, ਪੰਜਾਬ ਦੀ ਸਿਆਸਤ ਤੋਂ ਥੋੜਾ ਖਿਸਕ ਗਿਆ ਹੈ, ਦੇ ਹਾਲਾਤਾਂ ਬਾਰੇ ਵਿਚਾਰ ਕੀਤਾ ਗਿਆ।
ਸ. ਭੱਟੀ ਨੇ ਦੱਸਿਆ ਕਿ ਗੱਲਬਾਤ ਦੌਰਾਨ ਇਹ ਗੱਲ ਖੁੱਲ ਕੇ ਸਾਹਮਣੇ ਆਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਅਤੇ ਕੇਜਰੀਵਾਲ ਨੇ ਹਫਤੇ ਭਰ ਵਿੱਚ ਨਸ਼ੇ ਖ਼ਤਮ ਕਰਨ ਦੇ ਝੂਠੇ ਸਬਜਬਾਗ ਦਿਖਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸਿਆਸਤ ਤੇ ਕਬਜ਼ਾ ਕਰ ਲਿਆ, ਜਿਸ ਬਾਰੇ ਪੰਜਾਬ ਦੇ ਲੋਕ ਹੁਣ ਭਲੀ ਭਾਂਤੀ ਜਾਣੂ ਹੋ ਚੁੱਕੇ ਹਨ।
ਦੂਸਰਾ ਪੰਥਕ ਵਿਰੋਧੀ ਤਾਕਤਾਂ ਵੀ ਥੋੜੀਆਂ ਬਹੁਤ ਅਕਾਲੀ ਸਿਆਸਤ ਵਿੱਚ ਘੁਸਪੈਠ ਕਰ ਚੁੱਕੀਆਂ ਹਨ, ਜਿਨ੍ਹਾਂ ਦੀ ਬਦੌਲਤ ਕੁੱਝ ਅਕਾਲੀ ਲੀਡਰ ਵੀ ਅਨਾਪ ਛਨਾਪ ਬਿਆਨ ਦੇ ਕੇ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸ. ਭੱਟੀ ਨੇ ਯੂਰਪ ਯੂਨਿਟ ਦੇ ਨੇਤਾਵਾਂ, ਜਗਵੰਤ ਸਿੰਘ ਲਹਿਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ, ਮਸਤਾਨ ਸਿੰਘ ਨੌਰਾ, ਲਖਵਿੰਦਰ ਸਿੰਘ ਡੋਗਰਾਂਵਾਲ ਜਸਪ੍ਰੀਤ ਸਿੰਘ ਫਰਾਂਸ ਆਦਿ ਵਲੋਂ ਸ. ਸੁਖਬੀਰ ਸਿੰਘ ਬਾਦਲ ਨਾਲ ਵਾਅਦਾ ਕੀਤਾ ਕਿ ਉਹ ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿੱਚ ਪਾਰਟੀ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ |





























