
ਜਲੰਧਰ, ਐਚ ਐਸ ਚਾਵਲਾ। ਬੀਤੇ ਕੁੱਝ ਦਿਨ ਪਹਿਲਾਂ ਉਚੇਚੇ ਤੌਰ ‘ਤੇ ਪੰਜਾਬ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਯੂਰਪ ਯੂਨਿਟ ਦਾ ਪਸਾਰਾ ਕਰਨ ਅਤੇ ਐਨ.ਆਰ.ਆਈ. ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਵਾਸਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਸ. ਭੱਟੀ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਇਟਲੀ, ਸਪੇਨ, ਨੌਰਵੇ ਅਤੇ ਫਰਾਂਸ, ਜਿਥੇ ਕਿ ਯੂਰਪੀਅਨ ਯੂਨਿਟ ਪੂਰੀ ਇਮਾਨਦਾਰੀ ਨਾਲ ਇੱਕ ਜੁੱਟ ਹੋ ਕੇ ਸਫਲਤਾ ਪੂਰਵਕ ਕੰਮ ਕਰ ਰਹੇ ਹਨ, ਤੋਂ ਇਲਾਵਾ ਯੂਰਪ ਦੇ ਬਾਕੀ ਦੇਸ਼ਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਯੂਨਿਟ ਬਹੁਤ ਜਲਦੀ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਅਗਲੇ ਮਹੀਨੇ ਯੂਰਪ ਦੌਰੇ ‘ਤੇ ਜਾ ਰਿਹਾ ਹੈ, ਜਿਸ ਦੀ ਯੋਜਨਾਬੰਦ ਤਰੀਕੇ ਨਾਲ ਤਿਆਰੀ ਹੋ ਚੁੱਕੀ ਹੈ।

ਸ. ਇਕਬਾਲ ਸਿੰਘ ਭੱਟੀ ਨੇ ਆਪਣੇ ਯੂਰਪੀਅਨ ਸਾਥੀਆਂ ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ ਸਪੇਨ, ਜਸਵੰਤ ਸਿੰਘ ਭਦਾਸ, ਮਸਤਾਨ ਸਿੰਘ ਨੌਰਾ, ਲਖਵਿੰਦਰ ਸਿੰਘ ਡੋਗਰਾਂਵਾਲ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ, ਜਗਜੀਤ ਸਿੰਘ ਫ਼ਤਹਿਗੜ੍ਹ, ਹਰਦੀਪ ਸਿੰਘ ਬੋਦਲ, ਜਸਪ੍ਰੀਤ ਸਿੰਘ ਅਟਵਾਲ ਅਤੇ ਸੁਰਜੀਤ ਸਿੰਘ ਮਾਣਾ ਆਦਿ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ ਅਤੇ ਪੰਜਾਬ ਵਾਸੀ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾ ਕੇ ਸੂਬੇ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁੜ ਤੋਂ ਲੀਹਾਂ ‘ਤੇ ਲਿਆਉਂਦੇ ਹੋਏ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵਾਲਾ ਸੂਬਾ ਬਣਾਉਣਗੇ।
















