
ਜਲੰਧਰ ਛਾਉਣੀ, ਐਚ ਐਸ ਚਾਵਲਾ। ਗੁਰਦੁਆਰਾ ਮਾਈਆਂ ਜਲੰਧਰ ਛਾਉਣੀ ਵਿਖੇ ਸੰਗਤ ਨੂੰ ਗੁਰੂ ਚਰਨਾਂ ਜੋੜਨ ਸਬੰਧੀ ਨਿਤਦਿਨ ਵਿਸ਼ੇਸ਼ ਉਪਰਾਲੇ ਅਤੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸੇ ਕੜੀ ਨੂੰ ਅੱਗੇ ਜੋੜਦਿਆਂ ਹੁਣ ਸਾਕਾ ਨਨਕਾਣਾ ਸਾਹਿਬ ਅਤੇ ਜੈਤੋਂ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿਚ ਇਹ ਸਹਿਜ ਪਾਠ ਰੱਖੇ ਗਏ ਹਨ, ਜਿਨ੍ਹਾਂ ਦੇ ਭੋਗ ਇਕ ਮਹੀਨੇ ਬਾਅਦ ਮਾਰਚ ਮਹੀਨੇ ਵਿਚ ਪੈਣਗੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਜਲੰਧਰ ਛਾਉਣੀ ਦੀ ਬਹੁਤ ਹੀ ਸਤਿਕਾਰਿਤ ਸਖਸ਼ੀਅਤ ਸ. ਇੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਜੈਤੋ ਦਾ ਮੋਰਚਾ ਸਾਰੇ ਸਿੱਖ ਮੋਰਚਿਆਂ ‘ਤੋਂ ਲੰਬਾਂ ਸਮਾਂ (ਪੌਣੇ ਦੋ ਸਾਲ ਤੋਂ ਵੱਧ) ਜਾਰੀ ਰਿਹਾ। ਇਸ ਮੋਰਚੇ ਵਿੱਚ 300 ਸਿੰਘ ਗੋਲੀਆਂ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿੱਚੋਂ 100 ਸਿੰਘ ਸ਼ਹੀਦ ਹੋਏ। ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਅੰਗਰੇਜ਼ ਹਕੂਮਤ ਨੂੰ ‘ਗੁਰਦੁਆਰਾ ਐਕਟ’ ਬਣਾਉਣ ਲਈ ਮਜਬੂਰ ਹੋਣਾ ਪਿਆ। ਇਸ ਐਕਟ ਤਹਿਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ‘ਚ ਆਇਆ। ਨਨਕਾਣਾ ਸਾਹਿਬ ਦੇ ਸਾਕੇ ਵਿਚ ਤਕਰੀਬਨ 100 ਦੇ ਕਰੀਬ ਸ਼ਹੀਦੀਆਂ ਹੋਈਆਂ।

ਸ. ਇੰਦਰਪਾਲ ਸਿੰਘ ਖਾਲਸਾ ਨੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਆਪ ਸਭਨਾਂ ਨੇ ਪਾਠ ਕਰਦਿਆਂ ਧਿਆਨ ਵਿਚ ਰੱਖਣਾ ਕਿ ਇਹ ਪਾਠ ਉਹਨਾਂ ਸਿਦਕਵਾਨ ਸ਼ਹੀਦਾਂ ਦੀ ਯਾਦ ਵਿਚ ਹਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀਆਂ ਦੇ ਕੇ ਗੁਰਦੁਆਰੇ ਆਜ਼ਾਦ ਕਰਵਾਏ ਤੇ ਅਜਿਹਾ ਇਤਿਹਾਸ ਸਿਰਜਿਆ, ਜਿਸ ਤੇ ਅਸੀਂ ਅੱਜ ਮਾਣ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਆਪ ਸਭਨਾਂ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਦਾਤ ਬਖਸ਼ਣ ਅਤੇ ਆਪਣੇ ਸੇਵਕਾਂ ਪਾਸੋਂ ਇਸੇ ਤਰਾਂ ਸੇਵਾ ਲੈਂਦੇ ਰਹਿਣ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਿੱਖ ਇਤਿਹਾਸ ਦੀ ਜਾਣਕਾਰੀ, ਗੁਰਬਾਣੀ ਪੜਨ ਤੇ ਕੰਠ ਕਰਨ ਅਤੇ ਕੀਰਤਨ ਦੀ ਸਿਖਲਾਈ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ. ਇੰਦਰਪਾਲ ਸਿੰਘ ਖਾਲਸਾ, ਗੁਰਦੁਆਰਾ ਮਾਈਆਂ ਦੇ ਪ੍ਰਧਾਨ ਸ. ਜਸਪਾਲ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਸਾਬਕਾ ਪ੍ਰਧਾਨ ਸ. ਚਰਨਜੀਤ ਸਿੰਘ ਚੱਡਾ ਅਤੇ ਸ. ਅਮਰਜੀਤ ਸਿੰਘ, ਸ. ਰਜਿੰਦਰ ਸਿੰਘ ਸੱਭਰਵਾਲ, ਸ. ਕਮਲਜੀਤ ਸਿੰਘ ਹਿਟਮੈਨ, ਸ. ਰਜਿੰਦਰ ਸਿੰਘ ਬਜਾਜ, ਸ. ਦਲਜੀਤ ਸਿੰਘ ਰਾਜੂ ਚੱਡਾ, ਸ. ਮਹਿੰਦਰ ਪਾਲ ਸਿੰਘ ਟੋਨੀ, ਸ. ਗੁਰਜੀਤ ਸਿੰਘ ਲਾਂਬਾ, ਸ ਪਰਮਜੀਤ ਸਿੰਘ ਰੋਜੀ, ਸ. ਪਰਮਜੀਤ ਸਿੰਘ ਗੋਲਡੀ ਚੱਡਾ ਆਦਿ ਹਾਜਰ ਸਨ।





























