
ਕਿਹਾ- ਇਸ ਯਾਤਰਾ ਦਾ ਮੁੱਖ ਮੱਕਸਦ ਪੰਜਾਬ ਵਾਸੀਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ
ਕਿਹਾ – ਆਮ ਆਦਮੀ ਪਾਰਟੀ ਦੀ ਖੁੱਲੇਗੀ ਪੋਲ, ਬਦਲਾਅ ਦੇ ਨਾਂ ਤੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਕੀਤਾ ਗੁੰਮਰਾਹ
ਕਿਹਾ – “ਆਪ” ਵਲੋਂ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੂਸਰੇ ਰਾਜਾਂ ‘ਚ ਇਸ਼ਤਿਹਾਰਾਂ ਤੇ ਕੀਤੀ ਜਾ ਰਹੀ ਹੈ ਖਰਚ
ਜਲੰਧਰ, ਐਚ ਐਸ ਚਾਵਲਾ। ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਗਈ “ਪੰਜਾਬ ਬਚਾਓ ਯਾਤਰਾ” ਨੂੰ ਸੂਬੇ ਅੰਦਰ ਭਰਵਾਂ ਹੁੰਗਾਰਾ ਮਿਲੇਗਾ। ਇਸ ਯਾਤਰਾ ਦਾ ਮੁੱਖ ਮੱਕਸਦ ਪੰਜਾਬ ਵਾਸੀਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ਤੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਜਲੰਧਰ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਗੁਰਚਰਨ ਸਿੰਘ ਚੰਨੀ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਗੁਰਚਰਨ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ਤੇ ਝੂਠੇ ਲਾਰੇ ਲਾ ਕੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਸੂਬੇ ਅੰਦਰ ਆਪਣੀ ਸਰਕਾਰ ਤਾਂ ਬਣਾ ਲਈ ਪਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਸੀਆਂ ਦੀਆਂ ਉਮੀਦਾਂ ਉਪਰ ਖਰੇ ਨਹੀਂ ਉਤਰ ਸਕੇ। ਉਨ੍ਹਾਂ ਕਿਹਾ ਕਿ ਨਾ ਤਾਂ ਮਹਿਲਾਵਾਂ ਦੇ ਖਾਤੇ ਵਿੱਚ 1000-1000 ਰੁਪਏ ਆਏ ਅਤੇ ਨਾਂ ਹੀ ਪੰਜਾਬ ਵਾਸੀਆਂ ਨੂੰ ਹੋਰ ਭਲਾਈ ਸਕੀਮਾਂ ਅਤੇ ਸੁਵਿਧਾਵਾਂ ਮਿਲੀਆਂ, ਸਗੋਂ “ਆਪ” ਸਰਕਾਰ ਵਲੋਂ ਟੈਕਸਾਂ ਦੇ ਰੂਪ ਵਿੱਚ ਲਈ ਗਈ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੂਸਰੇ ਰਾਜਾਂ ‘ਚ ਇਸ਼ਤਿਹਾਰਾਂ ਤੇ ਖਰਚ ਕੀਤੀ ਜਾ ਰਹੀ ਹੈ ਜੋਕਿ ਪੰਜਾਬ ਵਾਸੀਆਂ ਨਾਲ ਬੇਇਨਸਾਫ਼ੀ ਹੈ।
ਸ. ਗੁਰਚਰਨ ਸਿੰਘ ਚੰਨੀ ਨੇ ਕਿਹਾ ਕਿ ਮੌਜੂਦਾ ‘ਆਪ” ਸਰਕਾਰ ਵਲੋਂ ਨਾ ਤਾਂ ਨਗਰ ਨਿਗਮ ਚੋਣਾਂ ਅਤੇ ਨਾਂ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਸਰਕਾਰ ਦੌਰਾਨ ਹਰ ਮਹਿਕਮੇ ਵਿੱਚ ਕੁਰੱਪਸ਼ਨ ਹੋਰ ਵੀ ਵਧੀ ਹੈ। ਸ. ਚੰਨੀ ਨੇ ਕਿਹਾ ਕਿ ਆਮ ਆਦਮੀ ਕਹਾਉਣ ਵਾਲੇ ਇਸ ਪਾਰਟੀ ਦੇ ਨੁਮਾਇੰਦੇ ਹੁਣ ਆਮ ਨਹੀਂ ਖਾਸ ਬਣ ਗਏ ਹਨ, ਜਿਨ੍ਹਾਂ ਨੇ ਆਪਣੀਆਂ ਸਿਕਉਰਟੀਆਂ ਵੀ ਵਧਾ ਲਈਆਂ ਹਨ।
ਸ. ਗੁਰਚਰਨ ਸਿੰਘ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀਅਤ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ ਜੋ ਇਸ ਲਈ ਹਮੇਸ਼ਾਂ ਸੰਘਰਸ਼ ਕਰਦੀ ਆਈ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਆਕਲੀ ਦਲ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਗਈ ਇਸ “ਪੰਜਾਬ ਬਚਾਓ ਯਾਤਰਾ” ਵਿੱਚ ਵੱਧਚੜ੍ਹ ਕੇ ਸ਼ਾਮਿਲ ਹੋ ਕੇ ਇਸਨੂੰ ਕਾਮਯਾਬ ਬਣਾਓ ਤਾਂ ਜੋ ਪੰਜਾਬ ਵਾਸੀ ਇਸ ਯਾਤਰਾ ਤੋਂ ਪ੍ਰੇਰਿਤ ਅਤੇ ਉਤਸ਼ਾਹਿਤ ਹੋ ਕੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਮੂੰਹ ਤੋੜਵਾਂ ਜਵਾਬ ਦੇ ਸਕਣ।





























