ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸ. ਇਕਬਾਲ ਸਿੰਘ ਭੱਟੀ ਅਤੇ ਸਮੂਹ ਅਹੁਦੇਦਾਰਾਂ ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਮਸਤਾਨ ਸਿੰਘ ਨੌਰਾ ਪ੍ਰਧਾਨ ਨੌਰਵੇ ਯੂਨਿਟ, ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ, ਪ੍ਰਭਜੀਤ ਸਿੰਘ ਅਟਵਾਲ ਯੂਥ ਪ੍ਰਧਾਨ, ਸੁਰਜੀਤ ਸਿੰਘ ਮਾਣਾ ਜਨਰਲ ਸਕੱਤਰ ਫਰਾਂਸ ਯੂਨਿਟ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ ਯੂਨਿਟ, ਲਖਵਿੰਦਰ ਸਿੰਘ ਡੋਗਰਾਂ ਵਾਲ ਸਕੱਤਰ ਜਨਰਲ ਇਟਲੀ ਯੂਨਿਟ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ ਯੂਨਿਟ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ ਯੂਨਿਟ, ਮਾਸਟਰ ਆਵਤਾਰ ਸਿੰਘ ਯੂਥ ਪ੍ਰਧਾਨ ਇਟਲੀ ਯੂਨਿਟ, ਸੁਖਜਿੰਦਰ ਸਿੰਘ ਕਾਲੜੂ ਮੀਤ ਪ੍ਰਧਾਨ ਰੋਮਾਂ ਇਟਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਸਨਮੁੱਖ ਬੇਨਤੀ ਕੀਤੀ ਹੈ ਕਿ ਆਪਜੀ ਨੇ ਸ. ਸੁਖਬੀਰ ਸਿੰਘ ਜੀ ਬਾਦਲ ਨੂੰ ਤਾਂ ਤਨਖਾਹੀਆ ਕਰਾਰ ਦੇ ਕੇ ਉਨ੍ਹਾਂ ਤੇ ਰਾਜਨੀਤਿਕ ਚੋਣ ਲੜਨ ਤੇ ਪਾਬੰਦੀ ਲਾ ਦਿੱਤੀ ਹੈ, ਜਿਸਨੂੰ ਅਕਾਲੀ ਦਲ ਦੇ ਹਰੇਕ ਵਰਕਰ, ਅਹੁਦੇਦਾਰ ਅਤੇ ਰਾਜਨੀਤਿਕ ਲੀਡਰਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ, ਕਿਉਂਕਿ ਆਪਜੀ ਵੱਲੋਂ ਆਇਆ ਹੁਕਮ ਸਾਡੇ ਵਾਸਤੇ ਰੱਬੀ ਹੁਕਮ ਹੈ।

ਇਸਦੇ ਨਾਲ ਨਾਲ ਸਾਡੇ ਸਾਰੇ ਹੀ (ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ) ਐੱਨ ਆਰ ਆਈਜ ਵੀਰਾਂ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਹੋਰਨਾਂ 16 ਲੀਡਰਾਂ (ਜਿਹੜੇ ਅਕਾਲੀ ਸੁਧਾਰ ਲਹਿਰਵਾਲੇ ਹਨ) ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਉਣਾ ਦਾ ਫੈਸਲਾ ਲਿਆ ਹੋਇਆ ਹੈ, ਜੇਕਰ ਆਪ ਜੀ ਨੂੰ ਠੀਕ ਲੱਗੇ ਜਾਂ ਆਪਜੀ ਸਹਿਮਤ ਹੋਵੋ ਤਾਂ ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਉਨ੍ਹਾਂ ਬਾਰੇ ਵੀ ਫੈਸਲਾ ਕਰੋ, ਕਿਉਂਕਿ ਸ. ਸੁਖਬੀਰ ਸਿੰਘ ਬਾਦਲ ਕੋਲੋਂ ਹੋਏ ਸਾਰੇ ਦੇ ਸਾਰੇ ਫੈਸਲੇ ਇਨ੍ਹਾਂ ਦੀ ਸਹਿਮਤੀ ਅਤੇ ਇਨ੍ਹਾਂ ਦੇ ਦਬਾਅ ਅਧੀਨ ਹੀ ਹੋਏ ਹੋਏ ਹਨ। ਹੁਣ ਇਹ ਸਾਰੇ ਸ. ਸੁਖਬੀਰ ਸਿੰਘ ਨੂੰ ਤਨਖਾਹੀਆ ਕਰਾਰ ਦੁਆ ਕੇ ਤਾੜੀਆਂ ਵਜਾ ਰਹੇ ਹਨ, ਜਿਸਤੇ ਧਿਆਨ ਦੇਣ ਦੀ ਲੋੜ ਹੈ।
ਉਕਤ ਆਗੂਆਂ ਨੇ ਕਿਹਾ ਕਿ ਅਸੀਂ ਨਾ ਤਾਂ ਆਪ ਜੀ ਨੂੰ ਕੋਈ ਸਲਾਹ ਦੇ ਸਕਦੇ ਹਾਂ ਅਤੇ ਨਾ ਹੀ ਦਬਾਅ ਪਾਉਣ ਵਾਲੀ ਕੋਈ ਹਰਕਤ ਕਰ ਸਕਦੇ ਹਾਂ, ਹਾਂ ਬੇਨਤੀ ਅਤੇ ਫਰਿਆਦ ਕਰਨਾ ਸਾਡੇ ਹੱਥ ਵੱਸ ਹੈ, ਉਹ ਅਸੀਂ ਕਰ ਰਹੇ ਹਾਂ। ਭੁਲਾਂ ਚੁੱਕਾਂ ਦੀ ਖਿਮਾਂ।
“ਆਪ ਜੀ ਦੇ ਹੁਕਮ ਅਤੇ ਫੈਸਲੇ ਦੀ ਉਡੀਕ ਵਿੱਚ”
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂਹ ਅਹੁਦੇਦਾਰ





























