
ਕਿਹਾ – ਹੁਣ ਪੰਜਾਬ ਵਾਸੀ ਜਾਗ ਚੁੱਕੇ ਹਨ ਅਤੇ ਹੁਣ ਉਹ ਫੋਕੇ ਵਾਅਦੇ ਕਰਨ ਵਾਲੀ ਕਿਸੇ ਵੀ ਰਾਜਨੀਤਕ ਪਾਰਟੀ ਦੇ ਝਾਂਸੇ ਵਿੱਚ ਨਹੀਂ ਆਉਣਗੇ
ਕਿਹਾ – ਲੋਕਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਸੰਸਦ ਭਵਨ ‘ਚ ਭੇਜਣਗੇ
ਜਲੰਧਰ, ਐਚ ਐਸ ਚਾਵਲਾ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ ਕਿਉਂਕਿ ਇਸ ਪਾਰਟੀ ਦੇ ਜੁਝਾਰੂ ਆਗੂ ਅਤੇ ਸੂਝਵਾਨ ਵਰਕਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਹਰ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਹਨ, ਜਿਸਦਾ ਸਬੂਤ ਇਤਿਹਾਸ ਦੇ ਪੰਨਿਆਂ ਤੇ ਦੇਖਿਆ ਜਾ ਸਕਦਾ ਹੈ ਅਤੇ ਪਾਰਟੀ ਆਪਣੇ ਦਮ ਤੇ ਲੋਕਸਭਾ ਚੋਣਾਂ ਲੜੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਸ. ਹਰਜਾਪ ਸਿੰਘ ਸੰਘਾ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਬਿਆਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਦਾ ਲਾਲਚ ਨਾ ਕਦੇ ਸੀ, ਨਾ ਹੁਣ ਹੈ। ਸਾਡੇ ਲਈ ਕੌਮ ਅਤੇ ਪੰਜਾਬ ਦੇ ਹਿੱਤ ਰਾਜਨੀਤੀ ਤੋਂ ਉੱਪਰ ਹਨ ਜੋਕਿ ਬਿਲਕੁੱਲ ਸੱਚ ਹੈ। ਹਰਜਾਪ ਸੰਘਾ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਵਲੋਂ ਕੱਢੀ ਜਾ ਰਹੀ “ਪੰਜਾਬ ਬਚਾਓ ਯਾਤਰਾ” ਨੂੰ ਪੰਜਾਬ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਣ ਲਈ ਸਮੇਂ ਦੀ ਉਡੀਕ ਕਰ ਰਹੇ ਹਨ।
ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਹੁਣ ਇਹ ਵੀ ਪੱਤਾ ਲੱਗ ਚੁੱਕਾ ਹੈ ਕਿ ਕਿਹੜੀ ਰਾਜਨੀਤਕ ਪਾਰਟੀ ਸੂਬੇ ਦੀ ਆਮ ਜਨਤਾ ਦਾ ਭਲਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਤਾਂ ਲੈ ਲਈਆਂ ਪਰ ਸਰਕਾਰ ਬਣਨ ਤੋਂ ਬਾਅਦ ਇਹ ਪਾਰਟੀ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਸਕੀ, ਜਿਸ ਕਰਕੇ ਹੁਣ ਪੰਜਾਬ ਦੀ ਆਮ ਜਨਤਾ ਇਹਨਾਂ ਤੋਂ ਦੁੱਖੀ ਹੈ।
ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਹੁਣ ਪੰਜਾਬ ਵਾਸੀ ਜਾਗ ਚੁੱਕੇ ਹਨ ਅਤੇ ਹੁਣ ਉਹ ਫੋਕੇ ਵਾਅਦੇ ਕਰਨ ਵਾਲੀ ਕਿਸੇ ਵੀ ਰਾਜਨੀਤਕ ਪਾਰਟੀ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਜਨਤਾ ਨੂੰ ਵੀ ਇਹ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਅਤੇ ਲੋਕਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਦਿੱਲੀ ਦੇ ਸੰਸਦ ਭਵਨ ‘ਚ ਭੇਜਣਗੇ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਨੂੰ ਹੋਰ ਵੀ ਬੁਲੰਦ ਕੀਤਾ ਜਾ ਸਕੇ।





























