ਆਉਣ ਵਾਲਾ ਸਮਾਂ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ – ਸ਼੍ਰੋਮਣੀ ਅਕਾਲੀ ਦਲ ਯੂਰਪ
ਪੈਰਿਸ, (PRIME INDIAN NEWS) :- ਕਦੇ ਸ਼੍ਰੋਮਣੀ ਕਮੇਟੀ ਤੇ ਕਬਜੇ ਦੀ ਗੱਲ ਅਤੇ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਰੌਲਾ ਪਾਉਣ ਵਾਲੇ ਬਾਗੀ ਆਗੂ (ਜਿਹੜੇ ਕਿ ਸੁਖਬੀਰ ਬਾਦਲ ਦੇ ਨਾਲ ਵਜ਼ੀਰੀਆਂ ਅਤੇ ਸਰਦਾਰੀਆਂ ਦਾ ਆਨੰਦ ਲੈਂਦੇ ਰਹੇ ਸਨ ) ਆਪਣੇ ਸ਼੍ਰੋਮਣੀ ਕਮੇਟੀ ਦੇ ਉਨ੍ਹਾਂ ਮੈਂਬਰਾਂ ਦਾ ਵੀ ਸਾਥ ਨਹੀਂ ਪ੍ਰਾਪਤ ਕਰ ਸਕੇ, ਜਿਨ੍ਹਾਂ ਨੇ ਪ੍ਰਧਾਨਗੀ ਪੱਦ ਦੀ ਚੋਣ ਸਮੇੰ ਇਨ੍ਹਾਂ ਦਾ ਸਾਥ ਦਿੱਤਾ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਇੱਕ ਬਿਆਨ ਰਾਹੀਂ ਕੀਤਾ।
ਸ. ਭੱਟੀ ਨੇ ਕਿਹਾ ਕਿ ਇਹਨਾਂ ਬਾਗੀ ਆਗੂਆਂ ਨੇ ਐਡਵੋਕੇਟ ਧਾਮੀ ਸਾਹਿਬ ਦੀ ਪ੍ਰਧਾਨਗੀ ‘ਚ ਕੰਮ ਕਰ ਰਹੀ ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਕੁੱਝ ਫੈਸਲਿਆਂ ਤੇ ਪ੍ਰਸ਼ਨ ਚਿੰਨ ਲਗਾਉਂਦੇ ਹੋਏ, ਆਪਣੇ ਨਾਲ 40 ਮੈਂਬਰਾਂ ਦੀ ਇੱਕ ਟੀਮ ਲੈ ਕੇ ਅੰਤ੍ਰਿਕ ਕਮੇਟੀ ਨੂੰ ਘੇਰਨ ਦਾ ਪਲਾਨ ਬਣਾਇਆ ਸੀ, ਲੇਕਿਨ ਜੱਦ ਫੈਸਲਿਆਂ ਨੂੰ ਬਦਲਣ ਵਾਸਤੇ ਮਿਲਣ ਦਾ ਸਮਾਂ ਤਹਿ ਹੋ ਗਿਆ ਤਾਂ ਇਨ੍ਹਾਂ ਦੇ ਨਾਲ ਕੇਵਲ 10 ਮੈਂਬਰ ਹੀ ਤੁਰੇ। ਬਾਕੀ ਸਪੋਰਟਰ ਇਸ ਕਰਕੇ ਇਨ੍ਹਾਂ ਨਾਲ ਨਹੀਂ ਸਨ ਤੁਰਨਾ ਚਾਹੁੰਦੇ ਕਿਉਂਕਿ ਸਚਾਈ ਕੁੱਝ ਹੋਰ ਹੀ ਸੀ, ਸਿਵਾਏ ਪਾਰਟੀ ਦੀ ਪਿੱਠ ‘ਚ ਛੁਰਾ ਮਾਰਨ ਤੋਂ ਬਿਨਾਂ ਇਨ੍ਹਾਂ ਦੇ ਪੱਲੇ ਕੁੱਝ ਨਹੀਂ। ਸ. ਭੱਟੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਦੇ ਆਪਣੇ ਹਲਕੇ ਦੇ ਵੋਟਰ ਵੀ ਉਸਦਾ ਸਾਥ ਛੱਡ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ, ਜਿਸਦੀ ਵਾਗਡੋਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਸੁਰੱਖਿਅਤ ਹੈ।
ਇਸਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਰਪੀਅਨ ਨੇਤਾਵਾਂ, ਕ੍ਰਮਵਾਰ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਲਖਵਿੰਦਰ ਸਿੰਘ ਡੋਗਰਾਂ ਵਾਲ, ਜਸਪ੍ਰੀਤ ਸਿੰਘ ਅਟਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਮਾਸਟਰ ਅਵਤਾਰ ਸਿੰਘ, ਸੁਖਜਿੰਦਰ ਸਿੰਘ ਕਾਲੜੂ, ਸੁਰਜੀਤ ਸਿੰਘ ਮਾਣਾ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਆਉਣ ਵਾਲਾ ਸਮਾਂ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਛੱਡ ਕੇ ਜਾ ਚੁੱਕੇ ਫਸਲੀ ਬਟੇਰਿਆਂ ਦਾ ਹਾਲ ਕੀ ਹੋਵੇਗਾ, ਵਕਤ ਆਉਣ ਤੇ ਇਨ੍ਹਾਂ ਨੂੰ ਆਪ ਹੀ ਪਤਾ ਲੱਗ ਜਾਵੇਗਾ।





























