
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਦਾ ਦਿਲੋਂ ਸਤਿਕਾਰ ਕਰਨ ਵਾਲੇ, ਪੰਜਾਬ ਦੇ ਕਪੂਰਥਲਾ ਜਿਲ੍ਹਾ ‘ਚ ਪੈਂਦੇ ਪਿੰਡ ਕਰਨੈਲ ਗੰਜ ਦੇ ਸਾਬਕਾ ਸਰਪੰਚ ਸ. ਬਲਵਿੰਦਰ ਸਿੰਘ, ਜੱਦ ਪੈਰਿਸ ਵਿਖੇ ਰਹਿੰਦੇ ਆਪਣੇ ਸਪੁੱਤਰ ਸੁਰਜੀਤ ਸਿੰਘ ਮਾਣਾ ਅਤੇ ਦਲਜੀਤ ਸਿੰਘ ਕੁੰਦੀ ਨੂੰ ਮਿਲਣ ਆਏ, ਤਾਂ ਉਹ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੂੰ ਵੀ ਮਿਲੇ ਅਤੇ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ।
ਪੇਸ਼ ਹੈ ਇਕਬਾਲ ਸਿੰਘ ਭੱਟੀ ਵਲੋਂ ਕੀਤੇ ਗਏ ਸਵਾਲ ਅਤੇ ਬਲਵਿੰਦਰ ਸਿੰਘ ਵਲੋਂ ਦਿੱਤੇ ਗਏ ਜਵਾਬ ਦੀ ਰਿਪੋਰਟ👇
ਸਵਾਲ – ਹਾਂਜੀ ਸਰਪੰਚ ਸਾਹਿਬ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਫਰਾਂਸ ਪਹੁੰਚਣ ਅਤੇ ਮੀਡੀਏ ਨਾਲ ਰੂ-ਬ -ਰੂ ਹੋਣ ਤੇ ਸਵਾਗਤ ਕਰਦੇ ਹਾਂ, ਹੁਣ ਤੁਸੀਂ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਕਿਉਂ ਹੁੰਦੀ ਜਾ ਰਹੀ ਹੈ ਅਤੇ ਇਸਦਾ ਜਿੰਮੇਵਾਰ ਕੌਣ ਹੈ ?
ਜਵਾਬ – ਭੱਟੀ ਸਾਹਿਬ ਜੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਸ ਵੇਲੇ ਬਹੁਤ ਵਧੀਆ ਹੈ, ਸਿਰਫ ਸਾਡੇ ਆਪਣੇ ਹੀ ਚੰਦ ਲੋਕ, ਰਾਜਸੀ ਰੰਜਿਸ਼ ਕਾਰਨ, ਬਿਨਾਂ ਸਿਰ ਪੈਰ ਦੀਆਂ ਊਟ ਪਟਾਂਗ ਅਫਵਾਹਾਂ ਫੈਲਾ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਜਿਸ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ। ਰਹੀ ਗੱਲ ਜਿੰਮੇਵਾਰੀ ਦੀ, ਤਾਂ ਮੈਂ ਝਿਜਕਾਂਗਾ ਨਹੀਂ, ਬਾਗੀ ਲੀਡਰ ਹੀ ਇਸ ਚੀਜ ਦੇ ਜਿੰਮੇਵਾਰ ਹਨ, ਜ਼ੋ ਪਾਰਟੀ ਦੇ ਅੰਦਰੂਨੀ ਮਸਲਿਆਂ ਦੀ ਗੱਲ, ਬਾਹਰ ਕਰਦੇ ਹਨ, ਜੋ ਕਿ ਸਰਾਸਰ ਸ਼੍ਰੋਮਣੀ ਅਕਾਲੀ ਦੇ ਸੰਵਿਧਾਨ ਦੀ ਉਲੰਘਣਾ ਹੈ। ਪੰਜਾਬ ਦੇ ਲੋਕ, ਕਦੇ ਵੀ ਇਨ੍ਹਾਂ ਨੂੰ ਮੁਆਫ ਨਹੀਂ ਕਰਨਗੇ।
ਸਵਾਲ – ਚੱਲੋ ਮੰਨ ਲੈਦੇ ਹਾਂ ਕਿ ਅਕਾਲੀ ਸੁਧਾਰ ਲਹਿਰ ਵਾਲੇ ਝੂਠੀਆਂ ਤੋਹਮਤਾਂ ਲਾ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ, ਐਪਰ ਜਿਹੜੇ ਅਕਾਲੀ ਦਲ ਦੇ ਵਿਧਾਇਕ ਹੋਰਨਾਂ ਪਾਰਟੀਆਂ ‘ਚ ਜਾ ਰਹੇ ਹਨ, ਦਾ ਕੀ ਕਾਰਨ ਹੈ ?
ਜਵਾਬ – ਦੇਖੋ ਜੀ, ਜੱਦ ਲਾਲਚ ਇਨਸਾਨ ਨੂੰ ਮਾਰ ਜਾਂਦਾ ਹੈ, ਤਾਂ, ਇਹੋ ਜਿਹੀਆਂ ਗੱਲਾਂ ਹੋ ਹੀ ਜਾਂਦੀਆਂ ਹਨ, ਦੀਪ ਟਰਾਂਸਪੋਰਟ ਦਾ ਦੁਬਾਰਾ ਵੱਡੀ ਤਦਾਦ ਵਿੱਚ ਆਪਣੇ ਰੂਟਾਂ ਤੇ ਵਾਪਿਸ ਆ ਜਾਣਾ, ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਵਰਨਾ ਸੁਖਬੀਰ ਜੀ ਡਿੰਪੀ ਢਿੱਲੋਂ ਨੂੰ ਆਪਣਾ ਛੋਟਾ ਭਰਾਅ ਸਮਝਦੇ ਸਨ ਤੇ ਉਸਨੂੰ ਗਿਦੜਬਾਹਾ ਤੋਂ ਐਮ ਐਲ ਏ ਦੀ ਚੋਣ ਵੀ ਲੜਵਾ ਰਹੇ ਸਨ।
ਸਵਾਲ – ਸੁਖਬੀਰ ਬਾਦਲ ਉੱਪਰ , ਇਤਨਾ ਦਬਾਅ ਹੋਣ ਦੇ ਬਾਵਜੂਦ ਵੀ, ਅਸਤੀਫ਼ਾ ਨਾ ਦੇਣਾ, ਦੇ ਬਾਰੇ ਕੀ ਕਹੋਗੇ, ਦੂਸਰਾ ਭੂੰਦੜ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਥਾਪਣਾ ਅਤੇ ਆਪਣੀ ਪ੍ਰਧਾਨਗੀ ਵੀ ਕਾਇਮ ਰੱਖਣੀ, ਦੀ, ਅਸਲ ਸਚਾਈ ਹੈ ਕੀ ?
ਜਵਾਬ – ਦੇਖੋ ਜੀ ਭੱਟੀ ਸਾਹਿਬ, ਬਾਗੀ ਧੜਾ ਇਹੋ ਹੀ ਤਾਂ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਸੁਖਬੀਰ ਬਾਦਲ ਉੱਪਰ ਦਬਾਅ ਬਣਾ ਕੇ, ਅਸਤੀਫ਼ਾ ਲਿਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖ਼ਤਮ ਹੋ ਜਾਵੇ, ਲੇਕਿਨ ਪਾਰਟੀ ਛੱਡ ਚੁੱਕੇ ਅਕਾਲੀ ਇਹ ਨਹੀਂ ਸਮਝਦੇ ਕਿ ਅੱਗੇ ਦੂਰਅੰਦੇਸ਼ੀ ਸੋਚ ਰੱਖਣ ਵਾਲਾ ਸੁਖਬੀਰ ਸਿੰਘ ਬਾਦਲ ਬੈਠਾ ਹੈ, ਜੋ ਇਨ੍ਹਾਂ ਦੀਆਂ ਚਾਲਾਂ ਨੂੰ ਚੰਗੀ ਤਰਾਂ ਸਮਝਦਾ ਹੈ। ਇਸ ਤੋਂ ਇੱਕ ਗੱਲ ਹੋਰ ਵੀ ਹੈ ਕਿ ਇਹ ਅਸਤੀਫ਼ਾ ਕਿਉਂ ਮੰਗ ਰਹੇ ਹਨ, ਇਨ੍ਹਾਂ ਕੋਲ ਕਿਹੜੀ ਤਾਕਤ ਹੈ ਕਿ ਇਹ ਅਸਤੀਫ਼ਾ ਲੈ ਸਕਣ, ਜਦੋਂ ਪੰਜਾਬ ਦੀ ਜਨਤਾ ਚਾਹੇਗੀ, ਸੁਖਬੀਰ ਜੀ ਖਿੜੇ ਮੱਥੇ ਸਭ ਕੁੱਝ ਪ੍ਰਵਾਨ ਕਰ ਲੈਣਗੇ, ਐਪਰ ਇਨ੍ਹਾਂ ਦੇ ਕਹੇ ਕੁੱਝ ਨਹੀਂ ਹੋਣਾ ਅਤੇ ਨਾ ਅਸੀਂ ਇਨ੍ਹਾਂ ਨੂੰ ਕੁੱਝ ਸਮਝਦੇ ਹਾਂ।
ਸਵਾਲ – ਕੀ, ਇਹ ਜਾਇਜ ਹੈ, ਕਿ, ਤਨਖਾਹੀਆ ਕਰਾਰ ਦਿੱਤੇ ਜਾਂ ਤੋਂ ਬਾਅਦ ਵੀ ਪ੍ਰਧਾਨ ਬਣੇ ਰਹਿਣਾ, ਜਿਵੇੰ ਕਿ ਬੀਬੀ ਜਗੀਰ ਕੋਰ ਨੇ ਵੀ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਉਪਰੰਤ, ਸੁਖਬੀਰ ਬਾਦਲ ਦਾ ਪ੍ਰਧਾਨ ਬਣੇ ਰਹਿਣਾ, ਸ਼ਰਮ ਵਾਲੀ ਗੱਲ ਹੈ।
ਜਵਾਬ – ਬੀਬੀ ਜੀ ਦੀ ਗੱਲ ਛੱਡੋ, ਉਹ ਤਾਂ ਕਈ ਕੁੱਝ ਬਿਨਾਂ ਸਬੂਤੋਂ ਕਹਿ ਜਾਂਦੇ ਹਨ। ਜਦੋਂ ਸੁਰਜੀਤ ਸਿੰਘ ਬਰਨਾਲਾ ਤਨਖਾਹੀਆ ਕਰਾਰ ਦਿੱਤੇ ਗਏ ਸਨ, ਕਿ ਉਨ੍ਹਾਂ ਨੇ ਮੁੱਖ ਮੰਤਰੀ ਦਾ ਪੱਦ ਛੱਡਿਆ ਸੀ, ਮਹਾਰਾਜਾ ਰਣਜੀਤ ਸਿੰਘ ਨੂੰ ਜੱਦ ਸਜ਼ਾ ਸੁਣਾਈ ਗਈ ਸੀ, ਤਾਂ ਉਹ ਵੀ ਰਾਜਾ ਬਣੇ ਰਹੇ ਸਨ। ਸੋ ਇਹ ਕਹਿਣ ਦੀਆਂ ਗੱਲਾਂ ਹਨ, ਸਿਰਫ ਤੇ ਸਿਰਫ ਲੋਕਾਂ ਵਿੱਚ ਸੁਖਬੀਰ ਬਾਦਲ ਨੂੰ ਬੇਸਮਝ ਦਰਸਾਉਣ ਵਾਸਤੇ। ਜ਼ੇਕਰ ਦੇਖਿਆ ਜਾਵੇ ਤਾਂ ਸੁਖਬੀਰ ਬਾਦਲ ਜਿਤਨੀ ਦੂਰ ਅੰਦੇਸ਼ੀ, ਇਨ੍ਹਾਂ ਵਿੱਚੋਂ ਕਿਸੇ ਇੱਕ ‘ਚ ਵੀ ਨਹੀਂ, ਇਹ ਸਿਰਫ ਇਲਜਾਮ ਲਾਉਣੇ ਜਾਣਦੇ ਹਨ, ਕਿਸੇ ਮਸਲੇ ਦਾ ਹੱਲ ਲੱਭਣਾ, ਇਨ੍ਹਾਂ ਦੇ ਵੱਸ ਦੀ ਗੱਲ ਨਹੀਂ।
ਸਵਾਲ – ਬੀਬੀ ਜੀ ਲਿਫ਼ਾਫ਼ਾ ਕਲਚਰ ਦਾ ਅਕਸਰ ਰੌਲਾ ਪਾਉਂਦੇ ਰਹਿੰਦੇ ਹਨ, ਬਲਕਿ ਕਈ ਹੋਰ ਲੀਡਰ ਵੀ, ਬੀਬੀ ਜੀ ਦੀ ਤਰਜ ਤੇ (ਬਾਦਲਾਂ ਦਾ ਲਿਫ਼ਾਫ਼ਾ ) ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਦਲਣਾ ਜਾਂ ਜਥੇਦਾਰ ਸਾਹਿਬ ਬਦਲਣੇ, ਦਾ ਇਲਜਾਮ ਬਾਦਲ ਪਰਿਵਾਰ ਤੇ ਲੱਗਦੇ ਰਹਿੰਦੇ ਹਨ, ਦੀ ਸਚਾਈ ਕੀ ਹੈ ?
ਜਵਾਬ – ਮੇਰੀ ਜਗਾਹ, ਜੇਕਰ ਇਹ ਗੱਲ, ਬੀਬੀ ਜੀ, ਜਾਂ ਇਲਜਾਮ ਲਾਉਣ ਵਾਲੇ ਲੀਡਰਾਂ ਤੋਂ ਸਿੱਧੇ ਤੌਰ ਤੇ, ਉਨ੍ਹਾਂ ਦੇ ਮੂੰਹੋਂ ਸੁਣੀ ਜਾਵੇ ਤਾਂ ਵਧੀਆ ਰਹੇਗਾ। ਬਾਕੀ ਬੰਦਾ ਪੁੱਛੇ ਇਨ੍ਹਾਂ ਭਲੇਮਾਂਣਸਾਂ ਕੋਲ਼ੋਂ, ਕਿ, ਕੀ? ਬੀਬੀ ਜੀ ਵੀ, ਲਿਫਾਫੇ ਚੋਂ ਹੀ ਨਿਕਲਦੇ ਰਹੇ ਸਨ। ਜੱਦ ਇਨ੍ਹਾਂ ਨੂੰ ਚਾਰ ਵਾਰ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਸ ਵਕਤ ਇਹ ਕਿਉਂ ਨਹੀਂ ਬੋਲੇ, ਕਿਉਂਕਿ ਉਸ ਵਕਤ ਇਨ੍ਹਾਂ ਸਾਰਿਆਂ ਨੂੰ ਆਪਣੇ ਨਿੱਜੀ ਫਾਇਦੇ ਅਤੇ ਸਤਿਕਾਰਿਤ ਰੁਤਬੇ ਦਿਸਦੇ ਸਨ।
ਸਵਾਲ – ਹਾਂਜੀ, ਸਰਪੰਚ ਸਾਹਿਬ ਜੀ ਇਹ ਦੱਸੋ ਕਿ ਹੁਣ ਤੁਹਾਡੀ ਪਾਰਟੀ ਦਾ ਵੋਟ ਬੈੰਕ ਬਿਨਾਂ ਕਿਸੇ ਗੱਠਜੋੜ ਦੇ, ਵਾਪਿਸ ਤੁਹਾਡੇ ਖਾਤੇ ਵਿੱਚ ਆ ਸੱਕਦਾ ਹੈ, ਇਸਦੀ ਤੂਹਾਨੂੰ ਕੋਈ ਉਮੀਦ ਹੈ ਜਾਂ ਨਹੀਂ ?
ਜਵਾਬ – ਤੁਸੀਂ ਬਹੁਤ ਵਧੀਆ ਸੁਆਲ ਪੁੱਛਿਆ ਹੈ, ਕਾਂਗਰਸ ਅਤੇ ਆਪ ਪਾਰਟੀ ਵਾਲਿਆਂ ਨੇ ਜਿਹੜੇ ਸਬਜਬਾਗ ਦਿਖਾ ਕੇ, ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈੰਕ ਨੂੰ ਖੋਰਾ ਲਗਾਇਆ ਸੀ, ਉਸ ਸ਼ਰਾਰਤ ਅਤੇ ਝੂਠ ਨੂੰ ਪੰਜਾਬ ਦੇ ਲੋਕ ਸਮਝ ਚੁੱਕੇ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਿਤਾਰਾ ਪਹਿਲਾਂ ਵਾਂਗ ਹੀ ਚਮਕੇਗਾ ਅਤੇ ਆਉਣ ਵਾਲਾ ਵਕਤ ਵੀ ਅਕਾਲੀ ਦਲ ਦਾ ਹੀ ਹੋਵੇਗਾ। ਨਾਲੇ ਜਿਹੜਾ ਵਿਕਾਸ, ਪੰਜਾਬ ਦੀ ਬਾਦਲ ਸਰਕਾਰ ਨੇ, ਆਪਣੇ ਕਾਰਜਕਾਲ ਦੌਰਾਨ ਕੀਤਾ ਸੀ, ਉਹ ਉੱਥੇ ਦਾ ਉੱਥੇ ਹੀ ਹੈ, ਉਸ ਵਿੱਚ ਕੋਈ ਵਾਧਾ ਨਹੀਂ ਹੋਇਆ, ਨਸ਼ਿਆਂ ਦੀ ਭਰਮਾਰ ਕਈ ਗੁਣਾਂ ਵੱਧ ਚੁੱਕੀ ਹੈ, ਸਰਕਾਰ ਨਾਮ ਦੀ ਕੋਈ ਗੱਲ ਨਜਰ ਨਹੀਂ ਆਉਂਦੀ। ਅਫ਼ਸਰਸ਼ਾਹੀ ਉੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਰਿਹਾ, ਬੱਸ ਅੰਨੀ ਪੀਹਵੇ ਤੇ ਕੁੱਤਾ ਚੱਟੇ ਵਾਲੀ ਕਹਾਵਤ ਜਾਪਦੀ ਹੈ। ਬੇਅਦਬੀਆਂ ਦੇ ਦੋਸ਼ੀ ਅਜੇ ਤੱਕ ਨਹੀਂ ਫੜੇ ਗਏ।
ਸਵਾਲ – ਸੁਖਬੀਰ ਬਾਦਲ ਵੱਲੋਂ ਕੀਤੇ ਗਏ ਗੁਨਾਹਾਂ ਦੀ, ਮੰਗੀ ਗਈ ਮੁਆਫੀ ਬਾਰੇ, ਕੀ ਕਹੋਗੇ ?
ਜਵਾਬ – ਸੁਖਬੀਰ ਬਾਦਲ ਜੀ ਨੇ ਜਾਣ ਬੁੱਝ ਕੇ ਕੋਈ ਬਜਰ ਗੁਨਾਹ ਨਹੀਂ ਕੀਤਾ, ਇਹ ਰੌਲਾ ਰਾਜਸੀ ਰੰਜਿਸ਼ ਕਾਰਨ, ਬਾਗੀ ਧੜਾ ਹੀ ਉਠਾ ਰਿਹਾ ਸੀ, ਜਿਸਦੇ ਇਵਜ ਵੱਜੋਂ ਅਤੇ ਪੰਜਾਬ ਦੇ ਭਲੇ ਸਾਹਿਤ ਪਾਰਟੀ ਨੂੰ ਬਚਾਉਣ ਖਾਤਿਰ ਸੁਖਬੀਰ ਜੀ, ਇੱਕ ਨਿਮਾਣੇ ਜਿਹੇ ਗੁਰਸਿੱਖ ਦੀ ਤਰਾਂ, ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਹਨ, ਅਤੇ ਅੱਗੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਜਾਰੀ ਹੋਵੇਗਾ , ਸੁਖਬੀਰ ਜੀ ਉਸਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ।





























