
ਜਲੰਧਰ, ਐਚ ਐਸ ਚਾਵਲਾ। 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦਾ ਦਸ ਰੋਜ਼ਾ ਦਿਨ-ਰਾਤ ਦਾ ਸਾਲਾਨਾ ਟ੍ਰੇਨਿੰਗ ਕੈਂਪ ਸੀ.ਟੀ. ਇੰਸਟੀਚਿਊਟ, ਸ਼ਾਹਪੁਰ, ਜਲੰਧਰ ਵਿੱਚ ਸ਼ੁਰੂ ਹੋ ਗਿਆ ਹੈ, ਜਿਸ ਵਿੱਚ 42 ਸਿੱਖਿਆ ਸੰਸਥਾਵਾਂ ਦੇ 600 ਐਨ.ਸੀ.ਸੀ. ਕੇਡਟਸ ਹਿੱਸਾ ਲੈ ਰਹੇ ਹਨ। ਕੈਂਪ ਵਿੱਚ ਐਨ.ਸੀ.ਸੀ. ਕੋਰਸ ਦੇ ਨਾਲ਼ ਸੈਨਾ ਦੇ ਕੋਰਸ ਵੀ ਚਲਾਏ ਜਾਣਗੇ। ਆਫ਼ਤਾਂ ਦੌਰਾਨ ਨਾਗਰਿਕਾਂ ਦੀ ਜ਼ਿੰਦਗੀ ਬਚਾਉਣ ਦੇ ਤਰੀਕੇ ਸਿਵਲ ਡਿਫੈਂਸ ਅਤੇ ਐਸ.ਡੀ.ਆਰ.ਐਫ. ਵੱਲੋਂ ਸਿਖਾਏ ਜਾਣਗੇ। ਅੱਗ ਦੀਆਂ ਕਿਸਮਾਂ ਅਤੇ ਅੱਗ ਬੁਝਾਉਣ ਦੇ ਤਰੀਕਿਆਂ ਦੀ ਜਾਣਕਾਰੀ ਫਾਇਰ ਬ੍ਰਿਗੇਡ ਵੱਲੋਂ ਦਿੱਤੀ ਜਾਵੇਗੀ।
ਅੱਜ ਦਾ ਨੌਜਵਾਨ ਸੋਸ਼ਲ ਮੀਡੀਆ ਵਿੱਚ ਬਹੁਤ ਸਰਗਰਮ ਹੈ। ਸਾਈਬਰ ਕਰਾਈਮ ਬਾਰੇ ਵਿਸ਼ਤ੍ਰਿਤ ਜਾਣਕਾਰੀ ਅਤੇ ਬਚਾਅ ਦੇ ਤਰੀਕਿਆਂ ਬਾਰੇ ਚੰਡੀਗੜ੍ਹ ਦੀ ਸਾਈਬਰ ਕਰਾਈਮ ਟੀਮ ਵੱਲੋਂ ਕੇਡਟਸ ਨੂੰ ਵੱਖ-ਵੱਖ ਸਰਕਾਰੀ ਵੈਬਸਾਈਟਾਂ ਅਤੇ ਫ਼ੋਨ ਨੰਬਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਕੈਂਪ ਵਿੱਚ ਫੁੱਟ ਡ੍ਰਿਲ ਅਤੇ ਹਥਿਆਰ ਡ੍ਰਿਲ ‘ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਕੇਡਟਸ ਨੂੰ ਟੁਕੜੀ ਵਿੱਚ ਮਾਰਚ ਕਰਨ ਦੇ ਤਰੀਕੇ ਸਿਖਾਏ ਜਾ ਰਹੇ ਹਨ। ਹਥਿਆਰਾਂ ਨਾਲ ਫਾਇਰਿੰਗ ਕਰਨਾ ਹਮੇਸ਼ਾ ਹੀ ਕੇਡਟਸ ਦਾ ਕੇਂਦਰੀ ਆਕਰਸ਼ਣ ਬਣੀ ਰਹੀ ਹੈ।

ਕੈਂਪ ਕਮਾਂਡੈਂਟ ਕਰਣਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਸਾਰੇ 600 ਕੇਡਟਸ ਨੂੰ ਫਾਇਰਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਕੇਡਟਸ ਦਾ ਸਰਵਪੱਖੀ ਵਿਅਕਤੀਤਵ ਵਿਕਾਸ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਜ਼ਿੰਮੇਵਾਰ ਨਾਗਰਿਕ ਬਣ ਸਕਣ। ਕੇਡਟਸ ਨੂੰ ਕਲਾ ਦਿਖਾਉਣ ਅਤੇ ਉਹਨਾਂ ਦੇ ਹੁਨਰ ਨੂੰ ਨਿਖਾਰਣ ਲਈ ਕਈ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ। ਸੰਯੁਕਤ ਡ੍ਰਿਲ ਮੁਕਾਬਲਾ ਕੈਂਪ ਦਾ ਮੁੱਖ ਆਕਰਸ਼ਣ ਹੋਵੇਗਾ ਜਿਸ ਵਿੱਚ ਸਾਰੇ 600 ਕੇਡਟਸ ਹਿੱਸਾ ਲੈਣਗੇ।
ਸਰੀਰਕ ਸਮਰਥਾ ਅਤੇ ਟੀਮ ਭਾਵਨਾ ਨੂੰ ਵਧਾਉਣ ਲਈ ਵਾਲੀਬਾਲ, ਬਾਸਕਟਬਾਲ ਅਤੇ ਰੱਸਾਕਸ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ। ਕੇਡਟਸ ਨੂੰ ਗਰੁੱਪ ਟ੍ਰੇਨਿੰਗ, ਗਰੁੱਪ ਵਿੱਚ ਰਹਿਣ-ਸਹਿਣ ਅਤੇ ਗਰੁੱਪ ਡ੍ਰਿਲ ਸਿਖਾਈ ਜਾ ਰਹੀ ਹੈ ਤਾਂ ਜੋ ਟੀਮ ਭਾਵਨਾ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤੀ ਮਿਲੇ। ਕਰਣਲ ਵਿਨੋਦ ਜੋਸ਼ੀ, ਕੈਂਪ ਕਮਾਂਡੈਂਟ ਨੇ ਦੱਸਿਆ ਕਿ ਐਨ.ਸੀ.ਸੀ. ਦਾ ਮੋਟੋ ‘ਅਨੁਸ਼ਾਸਨ ਅਤੇ ਏਕਤਾ’ ਹੈ ਅਤੇ ਕੇਡਟਸ ਦਿਨ-ਰਾਤ ਇਸ ਅਧਾਰ ‘ਤੇ ਟ੍ਰੇਨਿੰਗ ਲੈ ਰਹੇ ਹਨ।
ਕੇਡਟਸ ਨੂੰ ਰੋਜ਼ਾਨਾ ਤਿੰਨ ਵਾਰੀ ਤਾਜ਼ਾ ਅਤੇ ਪੌਸ਼ਟਿਕ ਭੋਜਨ ਦਿੱਤਾ ਜਾ ਰਿਹਾ ਹੈ। ਕੈਂਪ ਕਮਾਂਡੈਂਟ ਨੇ ਦੱਸਿਆ ਕਿ ਸੀ.ਟੀ. ਇੰਸਟੀਚਿਊਟ ਵਿੱਚ 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦਾ ਇਹ ਪਹਿਲਾ ਐਨ.ਸੀ.ਸੀ. ਕੈਂਪ ਹੈ ਅਤੇ ਇੰਸਟੀਚਿਊਟ ਵੱਲੋਂ ਸਾਰੀ ਪ੍ਰਸ਼ਾਸਕੀ ਅਤੇ ਟ੍ਰੇਨਿੰਗ ਸੰਬੰਧੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਭਾਰਤੀ ਸੈਨਾ ਵੱਲੋਂ ਸ੍ਰੀ ਹਰਪ੍ਰੀਤ ਸਿੰਘ ਵਾਈਸ ਚੇਅਰਮੈਨ ਅਤੇ ਡਾ. ਮਨਵੀਰ ਸਿੰਘ ਮੈਨੇਜਿੰਗ ਡਾਇਰੈਕਟਰ ਦਾ ਧੰਨਵਾਦ ਕੀਤਾ ਗਿਆ ਹੈ।
ਕੇਡਟਸ ਦੀ ਵਧੀਆ ਟ੍ਰੇਨਿੰਗ ਲਈ ਛੇ ਐਸੋਸੀਏਟ ਐਨ.ਸੀ.ਸੀ. ਅਧਿਕਾਰੀ ਅਤੇ ਸੈਨਾ ਦੇ 30 ਟ੍ਰੇਨਰ ਤਾਇਨਾਤ ਕੀਤੇ ਗਏ ਹਨ।





























