
ਜਲੰਧਰ, ਐਚ ਐਸ ਚਾਵਲਾ। ਜਦੋਂ ਦਾ ਲੋਕ ਸਭਾ ਚੋਣਾਂ ਦਾ ਦੌਰ ਸ਼ੁਰੂ ਹੋਇਆ ਹੈ, ਉਦੋਂ ਤੋਂ ਇਹ ਆਮ ਦੇਖਣ ਵਿੱਚ ਆ ਰਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਸਿੱਖ ਧਰਮ ਦੀ ਆਨ ਸ਼ਾਨ ਬਾਰੇ ਵੱਧ ਘੱਟ ਬੋਲਣ ਤੋਂ ਗੁਰੇਜ ਨਹੀਂ ਕਰ ਰਹੇ। ਜਿਸ ਦੀ ਤਾਜ਼ਾ ਉਦਾਹਰਣ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪੰਜੇ ਦੀ ਤੁਲਨਾ ਕਾਂਗਰਸ ਦੇ ਪੰਜੇ ਨਾਲ ਕੀਤੀ ਗਈ, ਜੋ ਕਿ ਬਹੁਤ ਹੀ ਮਾੜੀ ਗੱਲ ਹੈ ਤੇ ਕਿਤੇ ਭਾਜਪਾ ਆਗੂ ਬੋਨੀ ਅਜਨਾਲਾ ਵੱਲੋਂ ਸਿੱਖ ਧਰਮ ਨੂੰ ਛੁਟਿਆਣ ਦੀ ਕੋਸ਼ਿਸ਼ ਕੀਤੀ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ, ਗੁਰਵਿੰਦਰ ਸਿੰਘ ਸਿੱਧੂ ਤੇ ਹਰਜੋਤ ਸਿੰਘ ਲੱਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਧਰਮ ਸਾਡੇ ਮਹਾਨ ਗੁਰੂਆਂ, ਸਿੱਖ ਸ਼ਹੀਦਾਂ ਦੀਆਂ ਲਸਾਨੀ ਕੁਰਬਾਨੀਆਂ ਨਾਲ ਹੋਂਦ ਵਿੱਚ ਆਇਆ ਹੈ। ਜਿਹੜੇ ਲੋਕ ਵੋਟਾਂ ਦੇ ਲਾਲਚ ਵਿੱਚ ਸਾਡੀਆਂ ਮਾਨਮਤੀਆਂ ਸੰਸਥਾਵਾਂ ਜਾਂ ਮਰਿਆਦਾਵਾਂ ਬਾਰੇ ਉਲਜਲੂਲ ਬੋਲਦੇ ਹਨ, ਉਹ ਇੱਕ ਗੱਲ ਸਪਸ਼ਟ ਤੌਰ ਤੇ ਸਮਝ ਲੈਣ ਕਿ ਕਿਸੇ ਵੀ ਪਾਰਟੀ ਦੇ ਆਗੂ ਨੇ ਹੁਣ ਸਿੱਖ ਧਰਮ ਬਾਰੇ ਕੋਈ ਗਲਤ ਟਿੱਪਣੀ ਕੀਤੀ ਤਾਂ ਉਹ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।
ਉਕਤ ਆਗੂਆਂ ਨੇ ਕਿਹਾ ਕਿ ਇਸ ਸਬੰਧ ਵਿੱਚ ਵੱਖ-ਵੱਖ ਵਕੀਲਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਾਡੀ ਜਥੇਬੰਦੀ ਮੂਲ ਰੂਪ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੀ ਹੈ ਤੇ ਕਿਸੇ ਵੀ ਪਾਰਟੀ ਨੂੰ ਊਲਜਲੂਲ ਬੋਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਹੋਵੇ ਜਾਂ ਵਿਰੋਧ ਵਿੱਚ, ਪਰ ਇਸ ਤਰ੍ਹਾਂ ਦੇ ਸਿੱਖੀ ਤੇ ਹਮਲੇ ਕਦੇ ਬਰਦਾਸ਼ਤ ਨਹੀਂ ਕਰਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲੀਆ ਕਲੋਨੀ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਹਰਪ੍ਰੀਤ ਸਿੰਘ ਸੋਨੂ ,ਅਮਨਦੀਪ ਸਿੰਘ ਬੱਗਾ, ਸੰਨੀ ਉਬਰਾਏ ,ਵਿੱਕੀ ਸਿੰਘ ਖਾਲਸਾ, ਅਰਵਿੰਦਰ ਪਾਲ ਸਿੰਘ ਬਬਲੂ, ਲਖਬੀਰ ਸਿੰਘ ਲੱਕੀ ,ਹਰਪਾਲ ਸਿੰਘ ਪਾਲੀ ਚੱਡਾ ਆਦਿ ਹਾਜ਼ਰ ਸਨ।





























