ਦੇਸ਼ਦੁਨੀਆਂਪੰਜਾਬ

ਵਿਜੀਲੈਂਸ ਬਿਊਰੋ ਨੇ PSPCL ਦੇ ਕਰਮਚਾਰੀ ਨੂੰ 2000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ

ਮੀਟਰ ਲਗਾਉਣ ਲਈ ਮੁਲਜ਼ਮ ਨੇ ਪਹਿਲਾਂ ਲਏ ਸੀ 3500 ਰੁਪਏ

ਚੰਡੀਗੜ੍ਹ , (PRIME INDIAN NEWS) :- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਦਫ਼ਤਰ ਪਿੰਡ ਬੜਿੰਗ, ਜਲੰਧਰ ਛਾਉਣੀ ਵਿੱਚ ਵਿਖੇ ਤਾਇਨਾਤ ਸ਼ਿਕਾਇਤ ਸੰਭਾਲ ਸ਼ਾਖਾ (ਸੀਐਚਬੀ) ਦੇ ਸਹਾਇਕ ਚਰਨਜੀਤ ਸਿੰਘ ਨੂੰ 2000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਸੈਨਿਕ ਵਿਹਾਰ, ਪਿੰਡ ਢਿੱਲਵਾਂ ਜ਼ਿਲ੍ਹਾ ਜਲੰਧਰ ਦੇ ਵਸਨੀਕ ਰਾਕੇਸ਼ ਕੁਮਾਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਕਤ ਮੁਲਜ਼ਮ ਨੇ ਜਲੰਧਰ ਦੀ ਰੋਜ਼ ਕਲੋਨੀ ਪਿੰਡ ਬੜਿੰਗ ਵਿਖੇ ਉਸਦੀ ਰਿਸ਼ਤੇਦਾਰ ਦੇ ਘਰ ਘਰੇਲੂ ਬਿਜਲੀ ਸਪਲਾਈ ਲਈ ਨਵਾਂ ਮੀਟਰ ਲਗਾਉਣ ਬਦਲੇ ਸਬੰਧਤ ਜੂਨੀਅਰ ਇੰਜੀਨੀਅਰ (ਜੇਈ) ਸੁਰਜੀਤ ਸਿੰਘ ਖਾਤਰ 5000 ਰੁਪਏ ਅਤੇ ਆਪਣੇ ਲਈ 500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਕਤ ਮੁਲਜ਼ਮ ਸੀਐਚਬੀ ਨੇ 31-01-2025 ਨੂੰ ਉਸ ਘਰ ਵਿੱਚ ਬਿਜਲੀ ਦਾ ਮੀਟਰ ਲਗਾਉਣ ਮੌਕੇ ਉਸ ਕੋਲੋਂ 3500 ਰੁਪਏ ਲੈ ਲਏ ਅਤੇ ਬਾਕੀ ਰਕਮ ਬਾਅਦ ਵਿੱਚ ਅਦਾ ਕਰਨ ਲਈ ਕਿਹਾ। ਹੁਣ ਉਕਤ ਮੁਲਜ਼ਮ ਸ਼ਿਕਾਇਤਕਰਤਾ ਅਤੇ ਖਪਤਕਾਰ ਨੂੰ 2000 ਰੁਪਏ ਬਕਾਇਆ ਰਕਮ ਦੀ ਮੰਗ ਕਰ ਰਿਹਾ ਹੈ ਅਤੇ ਧਮਕੀ ਦੇ ਰਿਹਾ ਹੈ ਕਿ ਨਹੀਂ ਤਾਂ ਉਹ ਮੀਟਰ ਲਾਹਿਆ ਜਾ ਸਕਦਾ ਹੈ।

ਬੁਲਾਰੇ ਨੇ ਦੱਸਿਆ ਕਿ ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਜਲੰਧਰ ਰੇਂਜ ਦੀ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਸੀਐਚਬੀ ਸਹਾਇਕ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 2000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਦੌਰਾਨ ਸਬੰਧਤ ਜੇਈ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button