
ਲੋਕਾਂ ਦੇ ਭਾਰੀ ਇਕੱਠ ਨੇ ਮਹਿੰਦਰ ਸਿੰਘ ਕੇਪੀ ਦੀ ਜਿੱਤ ਤੇ ਲਾਈ ਮੋਹਰ , ਸ਼੍ਰੋਮਣੀ ਅਕਾਲੀ ਦਲ ਅੰਦਰ ਏਕਤਾ ਦਾ ਦਿੱਤਾ ਸਬੂਤ
ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਜਗੀਰ ਕੌਰ ਨੇ ਕੀਤੀ ਹਰਜਾਪ ਸਿੰਘ ਸੰਘਾ ਦੀ ਸ਼ਲਾਘਾ ਅਤੇ ਉਜਵਲ ਭਵਿੱਖ ਦੀ ਕਾਮਨਾ
ਜਲੰਧਰ ਕੈਂਟ, ਐਚ ਐਸ ਚਾਵਲਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇ.ਪੀ ਦੇ ਸਮਰਥਨ ਵਿੱਚ ਸ਼੍ਰੋਮਣੀ ਅਕਾਲੀ ਦਲ ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਦੀ ਅਗਵਾਈ ਹੇਠ ਲੋਕ ਸਭਾ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਦੇ ਪ੍ਰਮੁੱਖ ਆਗੂਆਂ, ਜਥੇਦਾਰਾਂ, ਸਰਪੰਚਾਂ, ਪੰਚਾਂ ਸਹਿਤ ਪਾਰਟੀ ਦੇ ਅਹੁਦੇਦਾਰਾਂ ਅਤੇ ਯੂਥ ਕਾਡਰ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਭਾਰੀ ਇਕੱਠ ਹੋਣ ਤੇ ਮੀਟਿੰਗ ਨੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਮੀਟਿੰਗ ਵਿੱਚ ਹਾਜ਼ਰ ਹੋਏ ਇਲਾਕੇ ਭਰ ਤੋਂ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਰਕਰ ਮਿਲਣੀ ਨੂੰ ਸਫ਼ਲ ਬਣਾਉਣ ਵਿੱਚ ਨੌਜਵਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ।


ਇਸ ਦੌਰਾਨ ਸੰਬੋਧਨ ਕਰਦੇ ਹੋਏ ਹਲਕਾ ਜਥੇਦਾਰ ਜਲੰਧਰ ਦਿਹਾਤੀ ਅਤੇ ਸਾਬਕਾ ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ ਹਰਜਾਪ ਸਿੰਘ ਸੰਘਾ ਦੀਆਂ ਛੋਟੀ ਉਮਰੇ ਅਕਾਲੀ ਦਲ ਲਈ ਵੱਡੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਹਰਜਾਪ ਸੰਘਾ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਸੰਘਾ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸੇਵਾ ਭਾਵਨਾ ਦੇ ਉਦੇਸ਼ ਨਾਲ ਜੁੜਿਆ ਰਿਹਾ ਹੈ ਅਤੇ ਭਵਿੱਖ ਵਿਚ ਵੀ ਜੁੜਿਆ ਰਹੇਗਾ।
ਇਸ ਮੌਕੇ ਲੋਕਸਭਾ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਮੈਂ ਇਸ ਹਲਕੇ ਤੋਂ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਹੁੰਦਿਆਂ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਪ ਸਭਨਾ ਦੇ ਪਿਆਰ ਅਤੇ ਅਸ਼ੀਰਵਾਦ ਸਦਕੇ ਸੰਸਦ ਮੈਂਬਰ ਬਣ ਕੇ ਜਲੰਧਰ ਵਾਸੀਆਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਕਰਵਾਉਣ ਦੇ ਨਾਲ ਨਾਲ ਇਲਾਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾਵਾਂਗਾ।
ਉਕਤ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਭਾਰੀ ਸ਼ਮੂਲੀਅਤ ਨੇ ਸ਼੍ਰੋਮਣੀ ਅਕਾਲੀ ਦਲ ਅੰਦਰ ਏਕਤਾ ਦਾ ਸਬੂਤ ਦਿੱਤਾ ਹੈ ਅਤੇ ਇਸਦੇ ਨਾਲ ਨਾਲ ਜਲੰਧਰ ਦੇ ਕੋਨੇ-ਕੋਨੇ ਤੋਂ ਮਿਲ ਰਹੇ ਭਾਰੀ ਸਮਰਥਨ ਨੂੰ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਜਲੰਧਰ ਵਾਸੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਇਹ ਸੀਟ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੀ ਝੋਲੀ ਵਿੱਚ ਪਾਉਣਗੇ।
ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਬੀਬੀ ਗੁਰਦੇਵ ਕੌਰ ਸੰਘਾ, ਸਰਪ੍ਰਸਤ ਇਸਤਰੀ ਅਕਾਲੀ ਦਲ ਅਤੇ ਮਹਿਲਾ ਕਮਿਸ਼ਨ ਪੰਜਾਬ ਦੀ ਸਾਬਕਾ ਚੇਅਰਪਰਸਨ ਤੋਂ ਇਲਾਵਾ ਸੁਖਵੀਰ ਸਿੰਘ ਥਿੰਦ, ਜਥੇਦਾਰ ਸੁਖਦੇਵ ਸਿੰਘ, ਜਥੇਦਾਰ ਬਲਰਾਜ ਸਿੰਘ, ਜਥੇਦਾਰ ਅਜਮੇਰ ਸਿੰਘ ਸਮਰਾ, ਬਲਜਿੰਦਰ ਸਿੰਘ ਹਮੀਰੀ ਖੇੜਾ, ਸ਼ਮਿੰਦਰ ਸਿੰਘ ਸੰਧੂ ਮੀਰਾਪੁਰ, ਗੁਰਜੀਤ ਸਿੰਘ ਖੁਣ ਖੁਣ, ਹਰਦੀਪ ਸਿੰਘ ਮਾਨ ਕਾਦੀਆਂ, ਮੋਹਨ ਸਿੰਘ ਚਾਵਲਾ, ਲਵਪ੍ਰੀਤ ਸਿੰਘ ਕਾਦੀਆਂ ਸਹਿਤ ਭਾਰੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।





























