
ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ‘ਰਾਸ਼ਟਰ ਦੀ ਖੁਸ਼ਹਾਲੀ ਲਈ ਇਮਾਨਦਾਰੀ ਦਾ ਆਚਰਣ’ ਵਿਸ਼ੇ ਤਹਿਤ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫਤੇ ਤਹਿਤ ਵਿਜੀਲੈਂਸ ਬਿਊਰੋ, ਯੂਨਿਟ ਜਲੰਧਰ ਵਲੋਂ ਅੱਜ ਸਥਾਨਕ ਬੱਸ ਸਟੈਂਡ ਨੇੜੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਟੈਕਸੀ ਸਟੈਂਡਸ ਦੇ ਡਰਾਈਵਰ, ਆਟੋ ਚਾਲਕ ਅਤੇ ਹੋਰ ਆਮ ਲੋਕ ਸ਼ਾਮਲ ਹੋਏ।
ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ ਜਲੰਧਰ ਸੁਖਦੇਵ ਸਿੰਘ ਨੇ ਭ੍ਰਿਸ਼ਟਾਚਾਰ ਵਧਣ ਦੇ ਕਾਰਨਾਂ ’ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ ਜਾਂ ਸਰਕਾਰੀ ਕੰਮ ਵਿਚ ਘਪਲੇਬਾਜ਼ੀ ਕਰਦਾ ਹੈ, ਤਾਂ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਟੋਲ ਫ੍ਰੀ ਨੰਬਰ 1800-1800-1000 ਅਤੇ ਵੈੱਬਸਾਈਟ www.vigilancebureau.punjab.gov.in ਜਾਂ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਵੱਟਸਐਪ ਨੰਬਰ 95012-00200 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਹਾਜ਼ਰੀਨ ਨੂੰ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਅਤੇ ਵਿਜੀਲੈਂਸ ਬਿਊਰੋ ਦਾ ਸਹਿਯੋਗ ਦੇਣ ਲਈ ਅਪੀਲ ਵੀ ਕੀਤੀ। ਇਸ ਮੌਕੇ ਕੌਂਸਲਰ ਮਨਮੋਹਨ ਸਿੰਘ, ਬੱਸ ਸਟੈਂਡ ਚੌਕੀ ਇੰਚਾਰਜ ਐਸ.ਆਈ ਮੇਜਰ ਸਿੰਘ, ਪੁਲਿਸ ਚੌਕੀ ਦਾ ਹੋਰ ਸਟਾਫ਼ ਵੀ ਮੌਜੂਦ ਸੀ। ਇਸ ਦੌਰਾਨ ਜਾਗਰੂਕਤਾ ਪੈਂਫਲੈੱਟ ਵੀ ਵੰਡੇ ਗਏ।





























