
ਜਲੰਧਰ, ਐਚ ਐਸ ਚਾਵਲਾ। 2 ਪੰਜਾਬ ਐੱਨ ਸੀ ਸੀ ਬਟਾਲੀਅਨ ਦੇ ਅੰਤਰਗਤ ਐੱਨ ਸੀ ਸੀ ਜਲੰਧਰ ਗਰੁੱਪ ਦੀਆਂ 6 ਬਟਾਲੀਅਨਾਂ ਦੇ ਰਾਸ਼ਟਰੀ ਪੱਧਰ ਤੇ ਭਾਗ ਲੈਣ ਵਾਲੇ ਅਤੇ ਹਰੇਕ ਬਟਾਲੀਅਨ ਤੋਂ ਸਰਬ ਸ੍ਰੇਸ਼ਟ ਕੈਡਿਟ ਨੂੰ ਲਾਇਲਪੁਰ ਖਾਲਸਾ ਕਾਲਜ ਵਿੱਚ ਸਨਮਾਨਿਤ ਕੀਤਾ ਗਿਆ।

ਕੈਡਿਟ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਬ੍ਰਿਗੇਡੀਅਰ ਅਜੇ ਤਿਵਾੜੀ, ਸੈਨਾ ਮੈਡਲ ਨੇ 70 ਕੈਡਿਟਾਂ ਨੂੰ ਬਿਹਤਰੀਨ ਪ੍ਰਦਰਸ਼ਨ ਲਈ ਸਰਟੀਫਕੇਟ, ਐੱਨ ਸੀ ਸੀ ਟਰੈਕ ਸੂਟ ਅਤੇ ਬੈਂਕ ਡਰਾਫਟ ਨਾਲ ਸਨਮਾਨਿਤ ਕੀਤਾ।
ਕਰਨਲ ਵਿਨੋਦ ਜੋਸ਼ੀ, ਕਮਾਂਡਿੰਗ ਅਫਸਰ ਨੇ ਮੁੱਖ ਮਹਿਮਾਨ ਅਤੇ ਹੋਰ ਸੈਨਿਕ ਅਧਿਕਾਰੀਆਂ ਦਾ ਸਵਾਗਤ ਅਤੇ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਦਾ ਐੱਨ ਸੀ ਸੀ ਗਤੀਵਿਧੀਆਂ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਕਰਨਲ ਜੋਸ਼ੀ ਨੇ ਦੱਸਿਆ ਕਿ ਲਾਇਲਪੁਰ ਖਾਲਸਾ ਕਾਲਜ ਦੀ ਸਥਾਪਨਾ 1908 ਵਿੱਚ ਲਾਇਲਪੁਰ ਪਾਕਿਸਤਾਨ ਚ’ ਹੋਈ ਸੀ ਤੇ ਬਟਵਾਰੇ ਤੋਂ ਬਾਅਦ ਜਲੰਧਰ ਵਿੱਚ ਇਸਨੂੰ ਮੁੜ ਸਥਾਪਤ ਕੀਤਾ ਗਿਆ ਸੀ।


ਡਾ. ਜਸਪਾਲ ਸਿੰਘ, ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਨੇ ਐੱਨ ਸੀ ਸੀ ਦੇ ਸਾਰੇ ਅਧਿਕਾਰੀਆਂ ਅਤੇ ਕੈਡਿਟਾਂ ਦਾ ਕਾਲਜ ਦੇ ਕਾਨਫਰੰਸ ਹਾਲ ਵਿੱਚ ਸਵਾਗਤ ਕੀਤਾ। ਉਹਨਾਂ ਕਿਹਾ ਕਿ ਐੱਨ ਸੀ ਸੀ ਗਤੀਵਿਧੀਆਂ ਅਤੇ ਪ੍ਰੀਖਿਆਵਾਂ ਦੇ ਲਈ ਕਾਲਜ ਦਾ ਵਿਹੜਾ ਹਮੇਸ਼ਾ ਖੁੱਲਾ ਹੈ। ਭਾਰਤੀ ਸੈਨਾ ਦੀ ਸੇਵਾ ਕਰਕੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ।
ਬ੍ਰਿਗੇਡੀਅਰ ਅਜੇ ਤਿਵਾੜੀ ਨੇ ਸਨਮਾਨ ਸਮਾਰੋਹ ਤੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਕੈਡਿਟ ਦਾ ਜੀਵਨ ਵਿੱਚ ਕੋਈ ਨਾ ਕੋਈ ਮਿਸ਼ਨ ਹੋਣਾ ਜਰੂਰੀ ਹੈ। ਇਸਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਅਤੇ ਅਨੁਸ਼ਾਸ਼ਨ ਦਾ ਹੋਣਾ ਜ਼ਰੂਰੀ ਹੈ। ਤੁਹਾਡੇ ਆਲੇ ਦੀਵਾਨੇ ਤੁਹਾਨੂੰ ਗੁੰਮਰਾਹ ਕਰਨ ਵਾਲੇ ਲੋਕ ਹੋ ਸਕਦੇ ਹਨ ਪਰ ਤੁਹਾਨੂੰ ਆਪਣੇ ਉੱਚੇ ਅਤੇ ਸੁੱਚੇ ਵਿਚਾਰਾਂ ਅਤੇ ਆਪਣੀ ਕਰਮਸ਼ੀਲਤਾ ਦੇ ਨਾਲ ਮਿਸ਼ਨ ਨੂੰ ਪ੍ਰਾਪਤ ਕਰਨਾ ਹੈ। ਇਸੇ ਵਿੱਚ ਵਿਦਿਆਰਥੀ, ਕੈਡਿਟ ਅਤੇ ਰਾਸ਼ਟਰ ਦਾ ਭਵਿੱਖ ਛੁਪਿਆ ਹੋਇਆ ਹੈ। ਕਮਾਂਡਰ ਨੇ ਕਿਹਾ ਕਿ ਕੈਡਿਟ ਭਾਰਤੀ ਸੈਨਾ ਵਿੱਚ ਕਮਿਸ਼ਨ, ਅਗਨੀਵੀਰ ਅਤੇ ਹੋਰ ਅਹੁਦਿਆਂ ਦੇ ਲਈ ਤਿਆਰੀ ਕਰਨ। ਬਟਾਲੀਅਨ ਦਾ ਸਟਾਫ ਉਹਨਾਂ ਦੀ ਤਿਆਰੀ ਵਿੱਚ ਹਰ ਮਦਦ ਕਰੇਗਾ।
ਸਨਮਾਨ ਸਮਾਰੋਹ ਵਿੱਚ ਡਾ਼ ਜਸਪਾਲ ਸਿੰਘ, ਪ੍ਰਿੰਸੀਪਲ, ਲਾਇਲਪੁਰ ਖਾਲਸਾ ਕਾਲਜ, ਗਰੁੱਪ ਦੇ ਸਟਾਫ ਅਫਸਰ, ਬਟਾਲੀਅਨ ਦੇ ਕਮਾਂਡ ਅਧਿਕਾਰੀ, ਐਸੋਸੀਏਟ ਐੱਨ ਸੀ ਸੀ ਅਫਸਰ, ਸੈਨਿਕ ਟਰੇਨਿੰਗ ਅਧਿਕਾਰੀ ਅਤੇ ਕਾਲਜ ਦੇ ਕੈਡਿਟ ਸ਼ਾਮਿਲ ਸਨ। ਸਮਾਰੋਹ ਦੇ ਸਫਲ ਸੰਚਾਰਨ ਵਿੱਚ ਲੈਫਟੀਨੈਂਟ (ਡਾ਼) ਕਰਨਬੀਰ ਸਿੰਘ, ਸੂਬੇਦਾਰ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਰੋਹ ਦਾ ਮੰਚ ਸੰਚਾਲਨ ਕੈਡਟ ਆਸਥਾ ਵੱਲੋਂ ਬਾਖੂਬੀ ਕੀਤਾ ਗਿਆ।





























