
ਪੈਰਿਸ, (PRIME INDIAN NEWS) :- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ 25 ਅਗਸਤ ਨੂੰ ਉਚੇ ਪੱਧਰ ਤੇ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ ਵਿੱਚ ਕਬੱਡੀ ਦੇ ਉਘੇ ਖਿਡਾਰੀ ਅਤੇ ਰਿਟਾਇਰਡ ਕਮਾਂਡੈਂਟ ਸ. ਪ੍ਰੀਤਮ ਸਿੰਘ ਬਾਜਵਾ ਸਪੈਸ਼ਲ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਜਿਕਰਯੋਗ ਹੈ ਕਿ ਜਿਥੇ ਇਸ ਟੂਰਨਾਮੈਂਟ ਵਿੱਚ ਹੋਲੈਂਡ, ਜਰਮਨੀ, ਇਟਲੀ, ਬੈਲਜੀਅਮ ਅਤੇ ਫਰਾਂਸ ਦੀਆਂ 8 ਟੀਮਾਂ ਦੇ ਭਾਗ ਲੈ ਰਹੀਆਂ ਹਨ, ਉਥੇ ਭਾਰਤ ਤੋਂ ਆਏ ਨਾਮਵਰ ਖਿਡਾਰੀ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 3100 ਯੂਰੋ ਨਗਦ ਅਤੇ ਕੱਪ, ਜਦਕਿ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2500 ਯੂਰੋ ਨਗਦ ਅਤੇ ਕੱਪ ਦੇ ਕੇ ਨਿਵਾਜਿਆ ਜਾਵੇਗਾ |
ਇਸਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਬੱਚਿਆਂ ਦੀ ਕਬੱਡੀ ਦਾ ਵੀ ਇੱਕ ਸ਼ੋਅ ਮੈਚ ਹੋਵੇਗਾ, ਉਸ ਵਿੱਚ ਅਵੱਲ ਰਹਿਣ ਵਾਲੀ ਟੀਮ ਨੂੰ 1100 ਯੂਰੋ ਦਾ ਨਗਦ ਇਨਾਮ ਸ. ਪ੍ਰੀਤਮ ਸਿੰਘ ਬਾਜਵਾ ਵੱਲੋਂ ਦਿੱਤਾ ਜਾਵੇਗਾ।
ਗੌਰਤਲਬ ਹੈ ਕਿ ਰਿਟਾਇਰਡ ਕਮਾਂਡੈਂਟ ਸ. ਪ੍ਰੀਤਮ ਸਿੰਘ ਕਬੱਡੀ ਦੇ ਨਾਮਵਰ ਖਿਡਾਰੀ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਅਵਾਰਡ ਵੀ ਮਿਲਿਆ ਹੋਇਆ ਹੈ ਜੋਕਿ ਇਨੀ ਦਿਨੀ ਯੂਰਪ ਦੌਰੇ ਤੇ ਬੈਲਜੀਅਮ ਆਏ ਹੋਏ ਹਨ। ਕਲੱਬ ਵੱਲੋਂ ਉਨ੍ਹਾਂ ਦਾ ਅਤੇ ਕਿਰਪਾਲ ਸਿੰਘ ਬਾਜਵਾ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਜਾਵੇਗਾ।





























