
ਨਵੀਂ ਦਿੱਲੀ, (PRIME INDIAN NEWS) :- 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ‘ਭਾਰਤ ਨਿਆਂ ਯਾਤਰਾ’ ਸ਼ੁਰੂ ਕਰਨ ਜਾ ਰਹੇ ਹਨ। ਇਹ ਯਾਤਰਾ 14 ਜਨਵਰੀ ਤੋਂ ਮਨੀਪੁਰ ਤੋਂ ਸ਼ੁਰੂ ਹੋ ਕੇ 14 ਰਾਜਾਂ ਤੇ 85 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ 20 ਮਾਰਚ ਨੂੰ ਮੁੰਬਈ ਵਿੱਚ ਖਤਮ ਹੋਵੇਗੀ। ਇਸ ਦੌਰਾਨ ਰਾਹੁਲ ਗਾਂਧੀ ਬੱਸ ਤੇ ਪੈਦਲ 6200 ਕਿਲੋਮੀਟਰ ਤੋਂ ਜ਼ਿਆਦਾ ਦੀ ਯਾਤਰਾ ਕਰਨਗੇ।
ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਅਤੇ ਜੈਰਾਮ ਰਮੇਸ਼ ਨੇ ਬੁੱਧਵਾਰ ਨੂੰ ਪਾਰਟੀ ਹੈੱਡਕੁਆਰਟਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਬਾਅਦ ਕਾਂਗਰਸ ਪਾਰਟੀ ਭਾਰਤ ਨਿਆਂ ਯਾਤਰਾ ਕਰੇਗੀ। ਇਹ ਮਨੀਪੁਰ ਤੋਂ ਸ਼ੁਰੂ ਹੋ ਕੇ ਨਾਗਾਲੈਂਡ, ਅਸਾਮ, ਮੇਘਾਲਿਆ, ਬੰਗਾਲ, ਬਿਹਾਰ, ਝਾਰਖੰਡ, ਓਡੀਸ਼ਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਹੁੰਦੇ ਹੋਏ ਮਹਾਰਾਸ਼ਟਰ ਵਿੱਚ ਸਮਾਪਤ ਹੋਵੇਗੀ। ਉਕਤ ਨੇਤਾਵਾਂ ਨੇ ਦੱਸਿਆ ਕਿ ਭਾਰਤ ਨਿਆਂ ਯਾਤਰਾ ਦਾ ਮਕਸਦ ਆਰਥਿਕ, ਸਮਾਜਿਕ ਤੇ ਰਾਜਨੀਤਿਕ ਨਿਆਂ ਹੈ। ਇਸ ਯਾਤਰਾ ਨੂੰ ਪਾਰਟੀ ਪ੍ਰਧਾਨ ਮਾਲਿਕਾਰਜੁਨ ਖੜਗੇ ਹਰੀ ਝੰਡੀ ਦਿਖਾਉਣਗੇ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ 7 ਸਤੰਬਰ 2022 ਤੋਂ 30 ਜਨਵਰੀ 2023 ਤੱਕ ਭਾਰਤ ਜੋੜੋ ਯਾਤਰਾ ਕੀਤੀ ਸੀ। 145 ਦਿਨਾਂ ਦੀ ਯਾਤਰਾ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਜੰਮੂ-ਕਸ਼ਮੀਰ ਵਿੱਚ ਖਤਮ ਹੋਈ ਸੀ। ਉਦੋਂ ਰਾਹੁਲ ਨੇ 3570 ਕਿਲੋਮੀਟਰ ਦੀ ਯਾਤਰਾ ਵਿੱਚ 12 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕੀਤਾ ਸੀ।





























