ਦੇਸ਼ਦੁਨੀਆਂਪੰਜਾਬ

ਕੇਂਦਰੀ ਟੀਮ ਨੇ ਜਲੰਧਰ ਜ਼ਿਲ੍ਹੇ ’ਚ ਪਾਣੀ ਦੀ ਸੰਭਾਲ ਸਬੰਧੀ ਪ੍ਰਾਜੈਕਟਾਂ ਦਾ ਲਿਆ ਜਾਇਜ਼ਾ

ਜਲੰਧਰ, ਐਚ ਐਸ ਚਾਵਲਾ। ਜਲ ਸ਼ਕਤੀ ਅਭਿਆਨ ਦੀ ਦੋ ਮੈਂਬਰੀ ਟੀਮ ਵੱਲੋਂ ਜ਼ਿਲ੍ਹੇ ਦਾ ਦੌਰਾ ਕਰਕੇ ਪਾਣੀ ਦੀ ਸੰਭਾਲ ਸਬੰਧੀ ਪ੍ਰਾਜੈਕਟਾਂ ਅਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਆਪਣੇ ਦੌਰੇ ਦੌਰਾਨ ਕੇਂਦਰੀ ਟੀਮ, ਜਿਸ ਵਿੱਚ ਵਿੱਤੀ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਤੇ ਜਲ ਸ਼ਕਤੀ ਅਭਿਆਨ ਲਈ ਕੇਂਦਰੀ ਨੋਡਲ ਅਫ਼ਸਰ ਵਿਵੇਕ ਗੁਪਤਾ ਅਤੇ ਕੇਂਦਰੀ ਜਲ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਤੇ ਤਕਨੀਕੀ ਅਫ਼ਸਰ ਸੰਜੀਵ ਕੁਮਾਰ ਸ਼ਾਮਲ ਸਨ, ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰਕੇ ਪਾਣੀ ਦੀ ਸੰਭਾਲ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ। 

ਕੇਂਦਰੀ ਟੀਮ ਨੇ ਬਿਆਸ ਪਿੰਡ ਵਿਖੇ ਨਹਿਰ ਨਾਲ ਪਿੰਡ ਦੇ ਛੱਪੜ ਦੀ ਲਿੰਕਿੰਗ, ਸ਼ਕਰਪੁਰ ਤੇ ਕਡਿਆਣਾ ਵਿਖੇ ਚੈੱਕ ਡੈਮ, ਪਿੰਡ ਅਲਾਵਲਪੁਰ ਦੇ ਕਮਿਊਨਿਟੀ ਸੈਂਟਰ ਵਿਖੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਸਿਕੰਦਰਪੁਰ ਤੇ ਜੰਡੂ ਸਿੰਘਾ ਵਿਖੇ ਥਾਪਰ ਮਾਡਲ ਤਲਾਬ, ਸੁਰਾਨੁੱਸੀ ਵਿਖੇ ਜੰਗਲਾਤ ਵਿਭਾਗ ਦੀ ਨਰਸਰੀ, ਪਿੰਡ ਉਦੇਸੀਆਂ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਪਾਣੀ ਨਾਲ ਸਿੰਜਾਈ ਸਬੰਧੀ ਪ੍ਰਾਜੈਕਟ, ਪਿੰਡ ਨੰਗਲ ਜੀਵਨ ਵਿਖੇ ਕੈਨਾਲ ਰੀਚਾਰਜ ਸਕੀਮ, ਪਿੰਡ ਨੂਹਮਹਿਲ ਵਿਖੇ ਤੁਪਕਾ ਸਿੰਚਾਈ ਪ੍ਰਣਾਲੀ ਸਮੇਤ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਹੋਰ ਪ੍ਰਾਜੈਕਟਾਂ ਨੂੰ ਗਹੁ ਨਾਲ ਵਾਚਿਆ।

ਦੌਰੇ ਉਪਰੰਤ ਕੇਂਦਰੀ ਟੀਮ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁੱਧੀ ਰਾਜ ਸਿੰਘ ਨੇ ਕੇਂਦਰੀ ਟੀਮ ਨੂੰ ਸਾਲ 2024-25 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਤੋਂ ਇਲਾਵਾ ਦੱਸਿਆ ਕਿ ਸਾਲ 2025-26 ਦੌਰਾਨ ਹੁਣ ਤੱਕ 354 ਛੱਪੜਾਂ ਦੀ ਸਫਾਈ ਅਤੇ ਸੁਰਜੀਤੀਕਰਨ ਕੀਤਾ ਗਿਆ ਹੈ। ਇਸੇ ਤਰ੍ਹਾਂ 23 ਚੈੱਕ ਡੈਮਾਂ ਦੀ ਉਸਾਰੀ, 9 ਨਵੇਂ ਛੱਪੜਾਂ ਦਾ ਨਿਰਮਾਣ ਤੇ ਨਹਿਰਾਂ ਨਾਲ ਲਿੰਕਿੰਗ, 62 ਰੇਨ ਵਾਟਰ ਹਾਰਵੈਸਟਿੰਗ ਸਟਰਕਚਰਾਂ ਤੋਂ ਇਲਾਵਾ 70 ਸੌਕ ਪਿੱਟ ਵੀ ਬਣਾਏ ਗਏ ਹਨ।

ਕੇਂਦਰੀ ਟੀਮ ਨੇ ਜਲ ਸੰਭਾਲ ਖਾਸ ਕਰ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹੇ ਵਿੱਚ ਚੱਲ ਰਹੇ ਅਜਿਹੇ ਹੋਰ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ। ਟੀਮ ਨੇ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਘੱਟ ਲਾਗਤ ਵਾਲੇ ਟਿਕਾਊ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਾਰੇ ਚਰਚਾ ਕਰਦਿਆਂ ਇਸ ਨੂੰ ਹੋਰ ਜ਼ਿਲ੍ਹਿਆਂ ਵਿੱਚ  ਲਾਗੂ ਕਰਨ ਲਈ ਕਿਹਾ।

ਦੌਰੇ ਦੌਰਾਨ ਐਕਸੀਅਨ ਬਿਸਤ ਦੋਆਬ ਜਲੰਧਰ ਦਵਿੰਦਰ ਸਿੰਘ, ਐਸ.ਡੀ.ਓ. ਗਰਾਊਂਡ ਵਾਟਰ ਜਗਵਿੰਦਰ ਸਿੰਘ, ਸਬ ਡਵੀਜ਼ਨਲ ਭੂਮੀ ਸੰਭਾਲ ਅਫ਼ਸਰ ਇੰਜ. ਲੁਪਿੰਦਰ ਕੁਮਾਰ, ਭੂਮੀ ਸੰਭਾਲ ਅਫ਼ਸਰ ਅਮਰਜੀਤ ਸਿੰਘ ਆਦਿ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button