
ਸਟੇਜ ਤੇ ਪਹੁੰਚਣ ਤੇ ਰਾਮ ਸਿੰਘ ਮੈਗੜਾ ਦਾ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਤਾੜੀਆਂ ਮਾਰ ਕੇ ਕੀਤਾ ਗਿਆ ਸੁਆਗਤ – ਹਰਿਆਣਾ/ਬਰਿਆਰ
ਪੈਰਿਸ, (PRIME INDIAN NEWS) :- 17 ਦੇਸ਼ਾਂ ਤੋਂ ਆਏ ਹੋਏ ਡੈਲੀਗੇਟਾਂ (ਡਾਕਟ੍ਰੇਟ ਦੀਆਂ ਡਿਗਰੀਆਂ ਪ੍ਰਾਪਤ ) ਦੀ ਹਾਜ਼ਰੀ ਵਿੱਚ ਇੱਕ ਪ੍ਰੋਗਰਾਮ ਅਰਜੁਨਤਾਈ ਵਿਖੇ ਸਥਿਤ ਨੈਲਸਨ ਮੰਡੇਲਾ ਵਿਖੇ 24 ਅਕਤੂਬਰ ਨੂੰ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਸਮਾਜਿਕ ਕਰਤਾਵਾਂ ਦੀ ਪਹਿਚਾਣ ਕਰਕੇ ਉਚੇਚੇ ਤੌਰ ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਇਨਸਾਨੀਅਤ ਦੇ ਭਲੇ ਵਾਸਤੇ ਕੰਮ ਕੀਤੇ ਹੋਏ ਹਨ, ਜਾਂ ਫਿਰ ਕਰ ਰਹੇ ਹਨ, ਦੀ ਵਜ੍ਹਾ ਕਾਰਨ ਸਟੇਜ ਤੋਂ ਰਾਮ ਸਿੰਘ ਮੈਗੜਾ ਦਾ ਨਾਮ ਐਲਾਨਿਆ ਗਿਆ। ਇਸ ਪ੍ਰੋਗਰਾਮ ਵਿੱਚ ਜਿੱਥੇ ਵੱਖੋ ਵੱਖ ਦੇਸ਼ਾਂ ਤੋਂ ਆਏ ਹੋਏ 12 ਜਣਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਡਾਕਟਰੇਟ ਦੀਆਂ ਡਿਗਰੀਆਂ ਅਤੇ ਸਰਟੀਫਿਕੇਟ ਦਿੱਤੇ ਗਏ, ਉੱਥੇ ਹੀ ਫਰਾਂਸ ਤੋਂ ਦਲਜੀਤ ਸਿੰਘ, ਇਕਬਾਲ ਸਿੰਘ ਭੱਟੀ ਅਤੇ ਰਾਮ ਸਿੰਘ ਮੈਗੜਾ ਨੂੰ ਵੀ ਸਨਮਾਨਿਆ ਗਿਆ।
ਰਾਮ ਸਿੰਘ ਮੈਗੜਾ ਨੂੰ ਜੱਦ, ਇਸ ਪ੍ਰੋਗਰਾਮ ਦੀ ਸੰਚਾਲਕ ਬੀਬੀ ਜਿਆ ਜਜਲਾਨੀ ਨੇ ਕਿਤਾਬਾਂ ਦਾ ਸੈਟ ਅਤੇ ਟਰੌਫੀ ਦੇ ਕੇ ਸਨਮਾਨਿਆ ਤਾਂ ਹਾਲ ਵਿੱਚ ਬੈਠੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ। ਇਸ ਤੋਂ ਬਿਨਾਂ ਟਰੌਫੀ ਪ੍ਰਾਪਤ ਕਰਦੇ ਵਕਤ, ਰਾਮ ਸਿੰਘ ਮੈਗੜਾ ਦਾ ਸਨਮਾਨ ਕਰਨ ਵਾਸਤੇ ਇਕਬਾਲ ਸਿੰਘ ਭੱਟੀ ਅਤੇ ਸਰਦਾਰ ਦਲਜੀਤ ਸਿੰਘ ਵੀ ਸਟੇਜ ਤੇ ਹਾਜਿਰ ਸਨ। ਆਪਣੇ ਧੰਨਵਾਦੀ ਭਾਸ਼ਣ ਵਿੱਚ ਰਾਮ ਸਿੰਘ ਮੈਗੜਾ (ਮੁਖੀ ਬੇਗਮ ਪੁਰਾ ਏਡ ਇੰਟਰਨੈਸ਼ਨਲ) ਨੇ ਸੰਸਥਾ ਦੇ ਪ੍ਰਬੰਧਕਾਂ ਅਤੇ ਹਾਜਿਰ ਸਾਰੇ ਹੀ ਡੈਲੀਗੇਟਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਵਾਸਤੇ ਬਹੁਤ ਹੀ ਅਹਿਮ ਹੈ ਕਿਉਂਕਿ ਯੂ. ਕੇ ਦੀ ਰਾਣੀ ਪ੍ਰੀਵਾਰ ਵਿੱਚੋਂ ਆਈ ਹੋਈ ਬੀਬੀ ਅਲਿਜਾਬੇਥ ਫਾਕ (Elijabeth Falk) ਦੀ ਹਾਜ਼ਰੀ ਵਿੱਚ ਮੈਨੁੰ ਇਹ ਸਨਮਾਨ ਮਿਲਿਆ ਹੈ, ਇਸ ਕਰਕੇ ਮੈਂ ਅਲਿਜਾਬੇਥ ਫਾਕ ਸਹਿਤ ਸਾਰਿਆਂ ਦਾ ਹੀ ਸ਼ੁਕਰਗੁਜਾਰ ਹਾਂ।
ਕੁਲਦੀਪ ਸਿੰਘ ਖਾਲਸਾ, ਜਸਵੰਤ ਸਿੰਘ ਭਦਾਸ, ਕੁਲਵੰਤ ਸਿੰਘ ਹਰਿਆਣਾ ਅਤੇ ਮੋਹਿੰਦਰ ਸਿੰਘ ਬਰਿਆਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਅਤਿਅੰਤ ਖੁਸ਼ੀ ਹੋਈ ਹੈ ਕਿ ਸਾਡੇ (ਸੇਵਾਦਾਰ ਵੀਰ) ਰਾਮ ਸਿੰਘ ਮੈਗੜਾ ਦੀਆਂ ਸੇਵਾਵਾਂ ਨੂੰ ਹੁਣ ਇੰਟਰਨੈਸ਼ਨਲ ਲੇਵਲ ਤੇ ਵੀ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਜਿਸਦੀ ਜਿੰਦਾ ਮਿਸਾਲ (17 ਦੇਸ਼ਾਂ ਦੇ ਡਾਇਗੇਟਾਂ ਵੱਲੋਂ ) ਉਨ੍ਹਾਂ ਨੂੰ ਸਾਂਝੇ ਤੌਰ ਤੇ ਸਨਮਾਨਿਆ ਜਾਣਾ ਹੈ।





























