
* ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਬਲਕਾਰ ਸਿੰਘ, ਵਿਧਾਇਕਾ ਇੰਦਰਜੀਤ ਕੌਰ ਮਾਨ, ਵਿਧਾਇਕ ਰਮਨ ਆਰੋੜਾ ਅਤੇ ਹੋਰ ਸੀਨੀਅਰ ਆਗੂ ਪੁੱਜੇ
* ਅਜਿਹਾ ਰੋਡ ਸ਼ੋਅ ਪਹਿਲਾਂ ਕਦੇ ਨਹੀਂ ਦੇਖਿਆ, 13-0 ਦਾ ਨਿਸ਼ਾਨਾ ਪੂਰਾ ਕਰਕੇ ਭਗਵੰਤ ਸਿੰਘ ਮਾਨ ਦੀ ਝੋਲੀ ਪਾਵਾਂਗੇ – ਹਰਪਾਲ ਸਿੰਘ ਚੀਮਾ
ਜਲੰਧਰ, (PRIME INDIAN NEWS) :- ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਧੜੱਲੇਦਾਰ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਸ਼ਹਿਰ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਚੌਕ ਵਿਖੇ ਬਾਬਾ ਜੀ ਦੇ ਬੁੱਤ ਅੱਗੇ ਨਤਮਸਤਕ ਹੋਣ ਉਪਰੰਤ ਵਿਸ਼ਾਲ ਰੋਡ ਸ਼ੋਅ ਕਰਦਿਆਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੁੱਜ ਕੇ ਆਪਣੇ ਨਾਮਜਦਗੀ ਕਾਗਜ਼ ਦਾਖਲ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਅਤੇ ਸ. ਬਲਕਾਰ ਸਿੰਘ ਲੋਕਲ ਬਾਡੀ ਮੰਤਰੀ ਪੰਜਾਬ ਸਮੇਤ ਕਈ ਸੀਨੀਅਰ ਆਗੂ ਵੀ ਪੁਜੇ।


ਇਸ ਮੌਕੇ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਜੇਤੂ ਅੰਦਾਜ਼ ਤੇ ਜੋਸ਼ ਵਿੱਚ ਪਵਨ ਟੀਨੂੰ ਨੂੰ ਪਾਰਟੀ ਵਰਕਰ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਲਈ ਲਿਆਏ ਹਨ, ਅਜਿਹਾ ਰੋਡ ਸ਼ੋਅ ਪਹਿਲਾਂ ਕਦੇ ਦੇਖਣ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਵਨ ਟੀਨੂੰ ਅਸੰਬਲੀ ਦੇ ਵਿੱਚ ਵੀ ਤੇ ਬਾਹਰ ਵੀ ਹਮੇਸ਼ਾਂ ਗਰੀਬਾਂ, ਮਜ਼ਦੂਰਾਂ, ਦਲਿਤਾਂ, ਕਿਸਾਨਾਂ, ਹਰ ਕਿਸਮ ਦੇ ਪੀੜਤ ਲੋਕਾਂ ਦੀ ਅਵਾਜ਼ ਉਠਾਉਂਦੇ ਹਨ ਅਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਪਵਨ ਟੀਨੂੰ ਆਪਣੀ ਸੀਟ ਜਿੱਤਣ ਪਿਛੋਂ ਇਸੇ ਤਰ੍ਹਾਂ ਸੰਸਦ ਵਿੱਚ ਲੋਕਾਂ ਦੀ ਗੱਲ ਅਤੇ ਪੰਜਾਬ ਦੇ ਕੇਂਦਰ ਸਰਕਾਰ ਵੱਲੋਂ ਰੋਕੇ ਹੋਏ ਫੰਡਾਂ ਦੀ ਗੱਲ ਕਰਨਗੇ ਤੇ ਪੰਜਾਬ ਦੀ ਅਵਾਜ਼ ਬਣ ਕੇ ਸਾਹਮਣੇ ਆਉਣਗੇ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੇ ਆਪਣੇ ਸੰਖੇਪ ਜਿਹੇ ਸਮੇਂ ਵਿੱਚ 14 ਟੋਲ ਪਲਾਜ਼ੇ ਬੰਦ ਕਰਵਾਏ, ਪ੍ਰਾਈਵੇਟ ਪਲਾਂਟ ਖਰੀਦਿਆ, 43 ਹਜ਼ਾਰ ਨੌਕਰੀਆਂ ਯੋਗਤਾ ਦੇ ਅਧਾਰ ‘ਤੇ ਦਿਤੀਆਂ, 13 ਹਜ਼ਾਰ ਅਧਿਆਪਕ ਭਰਤੀ ਕੀਤੇ, ਨਹਿਰਾਂ, ਸੂਏ, ਕੱਸੀਆਂ ਦੀ ਸੁਚੱਜੀ ਸਫਾਈ ਕਰਵਾ ਕੇ ਪਾਣੀ ਨੂੰ ਆਖਰੀ ਸਿਰੇ ਤਕ ਪਹੁੰਚਾਇਆ, ਹੁਣ ਨਵੀਂ ਨਹਿਰ ਕੱਢੇ ਜਾਣ ਦੀ ਤਿਆਰੀ ਚਲ ਰਹੀ ਹੈ, ਚੰਗੇਰੀ ਬਿਜਲੀ ਨੀਤੀ ਸਦਕਾ 90 ਫੀਸਦ ਲੋਕਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ, 12 ਹਜਾਰ ਏਕੜ ਜਮੀਨ ਨਾਜਾਇਜ਼ ਕਾਬਜਕਾਰਾਂ ਤੋਂ ਛੁਡਵਾਈ, ਇਸ ਤੋਂ ਇਲਾਵਾ ਖਜਾਨੇ ਦੀਆਂ ਚੋਰ ਮੋਰੀਆਂ ਬੰਦ ਕਰਕੇ ਐਕਸਾਈਜ਼ ਦੀ ਆਮਦਨ 6 ਹਜ਼ਾਰ ਕਰੋੜ ਸਾਲਾਨਾ ਤੋਂ ਵਧਾ ਕੇ 10 ਹਜ਼ਾਰ ਕਰੋੜ ਰੁਪਏ ਸਾਲਾਨਾ ਕੀਤੀ, ਜੀ ਐਸ ਟੀ ਦੀ ਆਮਦਨ 14 ਫੀਸਦੀ ਤੋਂ ਵਧਾ ਕੇ 21 ਫੀਸਦੀ ‘ਤੇ ਲਿਆਂਦੀ, ਜਿਸ ਸਦਕਾ ਅੱਜ ਪੰਜਾਬ ਦਾ ਹਰ ਵਰਗ ਮਾਨ ਸਰਕਾਰ ਤੋਂ ਖੁਸ਼ ਦਿਖਾਈ ਦੇ ਰਿਹਾ ਹੈ।

ਸ. ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੀ 13 ਹੀ ਸੀਟਾਂ ‘ਤੇ ਜਮਾਨਤ ਜ਼ਪਤ ਹੋਏਗੀ | ਉਨ੍ਹਾਂ ਕਿਹਾ ਕਿ ਭਾਜਪਾ ਸੰਵਿਧਾਨ ਲਈ ਖਤਰਾ ਹੈ ਤੇ ਜਿਵੇਂ ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨੀ ਵਿਰੋਧੀ 3 ਕਾਲੇ ਕਾਨੂੰਨ ਲੋਕ ਸ਼ਕਤੀ ਨਾਲ ਕੇਂਦਰ ਨੂੰ ਵਾਪਸ ਲੈਣੇ ਪਏ ਤੇ ਜਿਵੇਂ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਉਸੇ ਲੋਕ ਸ਼ਕਤੀ ਨਾਲ ਅਸੀਂ 13 ਸੀਟਾਂ ਜਿੱਤ ਕੇ ਭਗਵੰਤ ਸਿੰਘ ਮਾਨ ਦੀ ਝੋਲੀ ਪਾਵਾਂਗੇ।
ਇਸ ਮੌਕੇ ਪਵਨ ਟੀਨੂੰ ਨੇ ਕਿਹਾ ਕਿ ਆਮ ਪਰਿਵਾਰਾਂ ਦੇ ਨੌਜਵਾਨਾਂ ਦਾ ਜੋਸ਼ ਹੀ ਆਮ ਆਦਮੀ ਪਾਰਟੀ ਦੀ ਤਾਕਤ ਹੈ ਤੇ ਆਮ ਆਦਮੀ ਪਾਰਟੀ ਸਧਾਰਨ ਘਰਾਂ ਦੇ ਨੌਜਵਾਨਾਂ ਨੂੰ ਸਿਆਸਤ ਵਿੱਚ ਅੱਗੇ ਲਿਆ ਰਹੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੇ ਸਹਿਯੋਗ ਨਾਲ ਜਲੰਧਰ ਲੋਕ ਸਭਾ ਸੀਟ ਜਿੱਤ ਕੇ ਸੰਸਦ ਵਿੱਚ ਹਮੇਸ਼ਾਂ ਵਾਂਗ ਲੋਕਾਂ ਦੀ ਅਵਾਜ਼ ਉਠਾਉਂਦਾ ਰਹਾਂਗਾ।
ਅੱਜ ਦੇ ਵੱਡੇ ਤੇ ਪ੍ਰਭਾਵਸ਼ਾਲੀ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਕੌਰ ਮਾਨ ਵਿਧਾਇਕਾ ਨਕੋਦਰ, ਰਮਨ ਆਰੋੜਾ ਵਿਧਾਇਕ ਜਲੰਧਰ ਕੇਂਦਰੀ ਹਲਕਾ, ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੋ, ਚੰਦਨ ਗਰੇਵਾਲ ਚੇਅਰਮੈਨ ਸਫਾਈ ਸੇਵਕ ਕਮਿਸ਼ਨ, ਬਾਹਰੀ ਸਲਮਾਨੀ ਚੇਅਰਮੈਨ ਮਿਨਾਰਿਟੀ ਕਮਿਸ਼ਨ ਪੰਜਾਬ, ਪ੍ਰਦੀਪ ਦੁੱਗਲ ਚੇਅਰਮੈਨ ਮਾਰਕਿਟ ਕਮੇਟੀ, ਸੁਭਾਸ਼ ਭਗਤ ਮਾਰਕਿਟ ਕਮੇਟੀ, ਅਸ਼ਵਨੀ ਅਗਰਵਾਲ ਪ੍ਰਧਾਨ ਲੋਕ ਸਭਾ ਹਲਕਾ ਜਲੰਧਰ, ਅੰਮਿ੍ਤ ਪਾਲ ਸਿੰਘ ਜਿਲ੍ਹਾ ਪ੍ਰਧਾਨ ਸ਼ਹਿਰੀ, ਸਟੀਫਨ ਕਲੇਰ ਜਿਲ੍ਹਾ ਪ੍ਰਧਾਨ ਦਿਹਾਤੀ, ਮਹਿੰਦਰ ਭਗਤ ਇੰਚਾਰਜ ਹਲਕਾ ਜਲੰਧਰ ਪੱਛਮੀ, ਰਾਜਵਿੰਦਰ ਕੌਰ ਥਿਆੜਾ ਇੰਚਾਰਜ ਹਲਕਾ ਜਲੰਧਰ ਛਾਉਣੀ, ਦਿਨੇਸ਼ ਢੱਲ ਇੰਚਾਰਜ ਹਲਕਾ ਜਲੰਧਰ ਉਤਰੀ, ਪ੍ਰਿੰਸੀਪਲ ਪ੍ਰੇਮ ਕੁਮਾਰ ਇੰਚਾਰਜ ਹਲਕਾ ਫਿਲੌਰ, ਜੀਤ ਲਾਲ ਭੱਟੀ ਇੰਚਾਰਜ ਹਲਕਾ ਆਦਮਪੁਰ, ਪ੍ਰਮਿੰਦਰਜੀਤ ਸਿੰਘ ਪੰਡੋਰੀ ਇੰਚਾਰਜ ਹਲਕਾ ਸ਼ਾਹਕੋਟ, ਗੁਰਿੰਦਰ ਸਿੰਘ ਸ਼ੇਰਗਿੱਲ ਸੈਕਟਰੀ ਸ਼ਹਿਰੀ ਹਲਕਾ, ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ, ਆਤਮਪ੍ਰਕਾਸ਼ ਸਿੰਘ ਬੱਬਲੂ, ਇੰਦਰਵੰਸ਼ ਸਿੰਘ ਚੱਢਾ, ਸੰਜੀਵ ਕੁਮਾਰ ਭਗਤ, ਗੁਰਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਗੁਰਨਾਮ ਸਿੰਘ ਬਲਾਕ ਪ੍ਰਧਾਨ ਵਰੁਣ ਸੱਜਣ ਬਲਾਕ ਪ੍ਰਧਾਨ ਤੇ ਹੋਰ ਅਹੁਦੇਦਾਰ ਸਾਹਿਬਾਨ ਵੀ ਮੌਜੂਦ ਸਨ।





























