ਪਾਰਟੀ ‘ਚ ਸ਼ਾਮਲ ਹੋਏ ਸਾਰੇ ਨੌਜਵਾਨਾਂ ਨੇ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਜਤਾਇਆ ਭਰੋਸਾ
ਕਿਹਾ – ਆਉਣ ਵਾਲੇ ਸਮੇਂ ‘ਚ ਪਾਰਟੀ ਨੂੰ ਮਜਬੂਤ ਕਰਨ ਅਤੇ ਪੰਜਾਬ ਨੂੰ ਮੁੜ ਤੋਂ ਵਿਕਾਸਸ਼ੀਲ ਅਤੇ ਖੁਸ਼ਹਾਲ ਸੂਬਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛਡਾਂਗੇ
ਪੈਰਿਸ, (PRIME INDIAN NEWS) :- ਯੂਰਪ ਵੱਸਦੇ ਪੰਜਾਬੀਆਂ ਦਾ ਹੌਲੀ ਹੌਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ, ਕਿਉਂਕਿ ਜੋ ਵਾਅਦੇ ਕਰਕੇ ਇਹ ਸਰਕਾਰ ਹੋਂਦ ‘ਚ ਆਈ ਸੀ, ਉਨ੍ਹਾਂ ਵਾਅਦਿਆਂ ਵਿੱਚੋਂ ਬਹੁਤ ਸਾਰੇ ਵਾਅਦੇ ਅਧੂਰੇ ਪਏ ਹੋਏ ਨੇ, ਜਿਸ ਤਰਾਂ ਕਿ ਨਸ਼ਿਆਂ ਦਾ ਬੰਦ ਨਾ ਹੋਣਾ, ਬੇਅਅਦਬੀਆਂ ਦੇ ਦੋਸ਼ੀਆਂ ਦਾ ਵੀ ਅਜੇ ਤੱਕ ਫੜਿਆ ਨਾ ਜਾਣਾ, ਬੀਬੀਆਂ ਨੂੰ 1000/- ਰੁਪਿਆ ਮਹੀਨਾ ਨਾ ਦੇਣਾ ਆਦਿ ਕਮੀਆਂ ਕਰਕੇ ਐੱਨ. ਆਰ. ਆਈਜ਼ ਆਪਣੀ ਸੋਚ ਬਦਲ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤਾਕਤ ਵਿੱਚ ਲਿਆਉਣ ਦਾ ਸੋਚ ਰਹੇ ਹਨ।
ਐੱਨ. ਆਰ. ਆਈਜ ਦੀ ਇਸੇ ਸੋਚ ਦਾ ਹੀ ਨਤੀਜਾ ਸਾਹਮਣੇ ਆਇਆ ਹੈ ਕਿ ਫਰਾਂਸ ਵੱਸਦੇ ਵੱਖੋ ਵੱਖ ਪਿੰਡਾਂ ਦੇ 12 ਨੌਜੁਆਨਾਂ ਨੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਸ. ਭੱਟੀ ਨੇ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਮਨਪ੍ਰੀਤ ਸਿੰਘ, ਜਸਵਿੰਦਰ ਪਾਲ ਸਿੰਘ, ਸਤਿੰਦਰ ਸਿੰਘ, ਜਤਿੰਦਰ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ, ਸਾਹਿਬ ਸਿੰਘ ਬਾਦਲ, ਮਨਪ੍ਰੀਤ ਸਿੰਘ ਵੱਡਾ ਆਦਿ ਸਾਰੇ ਹੀ ਪਿੰਡ ਕਰਨੈਲਗੰਜ ਤੋਂ, ਮਲਕੀਅਤ ਸਿੰਘ ਕੁਮਰਾਵਾਂ, ਪਰਮਜੀਤ ਸਿੰਘ ਭਗਵਾਨਪੁਰ, ਦਵਿੰਦਰ ਸਿੰਘ ਬੇਗੋਵਾਲ ਅਤੇ ਸੁਰਜੀਤ ਸਿੰਘ ਮਾਣਾ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ।
ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੌਜਵਾਨਾਂ ਨੇ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਆਪਣਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਾਸਤੇ ਤਨ ਮਨ ਅਤੇ ਧਨ ਨਾਲ ਸੇਵਾ ਕਰਕੇ ਪਾਰਟੀ ਨੂੰ ਬੁਲੰਦੀਆਂ ਵੱਲ ਲੈ ਜਾਂਦੇ ਹੋਏ ਪੰਜਾਬ ਨੂੰ ਮੁੜ ਤੋਂ ਵਿਕਾਸਸ਼ੀਲ ਅਤੇ ਖੁਸ਼ਹਾਲ ਸੂਬਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛਡਾਂਗੇ।





























