
ਪੈਰਿਸ, (PRIME INDIAN NEWS) :- ਫਰਾਂਸ ਦੀ ਧਰਤੀ ਤੇ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਦੀ ਪ੍ਰਬੰਧਕੀ ਟੀਮ ਨੇ ਯੂਨਾਈਟਿਡ ਕਬੱਡੀ ਫੈਡਰੇਸ਼ਨ (ਯੂਰਪ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਹੁਤ ਹੀ ਸਫਲਤਾ ਪੂਰਵਕ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਤੋਂ ਯੂਰਪ ਖੇਡਣ ਆਏ ਨਾਮਵਰ ਖਿਡਾਰੀਆਂ ਦੀਆਂ 6 ਟੀਮਾਂ ਨੇ ਭਾਗ ਲਿਆ।
ਇਨ੍ਹਾਂ ਮੁਕਾਬਲਿਆਂ ਵਿੱਚੋਂ ਇਟਲੀ ਦੀ ਕਬੱਡੀ ਟੀਮ ਨੇ ਪਹਿਲਾ ਸਥਾਨ ਅਤੇ ਹੌਲੈਂਡ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ, ਜਦਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਅਤੇ ਸਾਂਝਾ ਸਪੋਰਟਸ ਕਲੱਬ ਜਰਮਨੀ ਦੀਆਂ ਟੀਮਾਂ ਸੈਮੀਫਾਈਨਲ ਮੈਚਾਂ ਵਿੱਚੋਂ ਮਿਲੀ ਹਾਰ ਕਾਰਨ ਯੂਰਪ ਕੱਪ ਮੁਕਾਬਲੇ ਤੋਂ ਬਾਹਰ ਹੋ ਗਈਆਂ।
ਦੋਆਬਾ ਸਪੋਰਟਸ ਕਲੱਬ ਦੇ ਸੁਚੱਜੇ ਪ੍ਰਬੰਧਾਂ ਕਾਰਨ ਇਹ ਟੂਰਨਾਮੈਂਟ ਬਿਨਾਂ ਕਿਸੇ ਵਾਦ ਵਿਵਾਦ ਦੇ ਸੰਪਨ ਹੋਇਆ, ਜਿਸ ਵਾਸਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਦਰਸ਼ਕਾਂ ਵਾਸਤੇ ਜਗਾਹ ਜਗਾਹ ਖਾਣ ਪੀਣ ਦੇ ਸਟਾਲ ਵੀ ਸਿਲਸਿਲੇਵਾਰ ਤਰੀਕੇ ਨਾਲ ਲਗਾਏ ਹੋਏ ਸਨ, ਜਿਸ ਨਾਲ ਪੰਜਾਬ ਦੇ ਮੇਲਿਆਂ ਵਰਗਾ ਮਾਹੌਲ ਨਜਰ ਆਉਂਦਾ ਸੀ।
ਇਸ ਮੌਕੇ ਜਿੱਥੇ ਹੋਰ ਦਰਸ਼ਕ ਵੀ ਆਪੋ ਆਪਣੇ ਹਿਸਾਬ ਨਾਲ ਕਬੱਡੀ ਮੁਕਾਬਲਿਆਂ ਦਾ ਲੁਤਫ਼ ਉਠਾ ਰਹੇ ਸਨ, ਉੱਥੇ ਹੀ ਫਰਾਂਸ ਵੱਸਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬੀ ਨੌਜੁਆਨ ਲੋਰ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਟੂਰਨਾਮੈਂਟ ਦਾ ਆਨੰਦ ਮਾਣ ਰਹੇ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਵੀ ਪੰਜਾਬੀ ਨੌਜੁਆਨਾਂ ਦਾ ਸਾਥ ਦਿੰਦੇ ਹੋਏ, ਸੁਖਬੀਰ ਸਿੰਘ ਬਾਦਲ ਦੇ ਗੁਣ ਗਾਇਨ ਕਰ ਰਹੇ ਸਨ।





























